ਚੰਡੀਗੜ੍ਹ: ਪੰਜਾਬ ਦੇ ਮਾਲਵਈ ਇਲਾਕੇ 'ਚ ਚੌਖੀ ਭੱਲ ਰੱਖਦੇ ਰਹੇ ਹਨ ਗੁਰਪੰਥ ਮਾਨ, ਜਿੰਨ੍ਹਾਂ ਦਾ ਅਚਾਨਕ ਜਹਾਨੋਂ ਤੁਰ ਜਾਣਾ ਨਾ ਕੇਵਲ ਅਜ਼ੀਮ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਇੱਕ ਗਹਿਰਾ ਸਦਮਾ ਰਿਹਾ ਹੈ, ਸਗੋਂ ਕਲਾ, ਸੰਗੀਤ ਅਤੇ ਸਮਾਜਿਕ ਖੇਤਰ ਲਈ ਵੀ ਇਹ ਨਾ ਪੂਰਾ ਹੋ ਸਕਣ ਵਾਲਾ ਘਾਟਾ ਸਾਬਿਤ ਹੋਇਆ ਹੈ।

ਮੂਲ ਰੂਪ ਵਿੱਚ ਸਰਹੱਦੀ ਖੇਤਰ ਮੰਨੇ ਜਾਂਦੇ ਕਸਬੇ ਗਿੱਦੜਬਾਹਾ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਬੰਧਤ ਸਨ ਗੁਰਪੰਥ ਮਾਨ, ਜਿੰਨ੍ਹਾਂ ਦਾ ਅਪਣੇ ਵੱਡੇ ਭਰਾ ਗੁਰਦਾਸ ਮਾਨ ਦੀ ਸਫ਼ਲਤਾ ਅਤੇ ਉਨ੍ਹਾਂ ਦੇ ਗਾਇਕੀ ਰੂਪੀ ਸੁਫ਼ਨਿਆਂ ਨੂੰ ਸਕਾਰ ਕਰਨ ਵਿੱਚ ਅਹਿਮ ਯੋਗਦਾਨ ਰਿਹਾ।

ਸਾਲ 1980ਵੇਂ ਦਹਾਕਿਆਂ ਦੌਰਾਨ ਪੰਜਾਬੀ ਸੰਗੀਤਕ ਗਲਿਆਰਿਆਂ ਵਿੱਚ ਇੱਕ ਹਨੇਰੀ ਬਣ ਝੁੱਲੇ ਗੁਰਦਾਸ ਮਾਨ, ਜਿੰਨ੍ਹਾਂ ਦੀ ਗਾਇਕੀ ਦੇ ਇਸ ਉਭਾਰ ਦੌਰ ਨੂੰ ਮਜ਼ਬੂਤੀ ਦੇਣ ਵਿੱਚ ਗੁਰਪੰਥ ਮਾਨ ਨੇ ਅਹਿਮ ਭੂਮਿਕਾ ਨਿਭਾਈ, ਜਿੰਨ੍ਹਾਂ ਨੇ ਉਨ੍ਹਾਂ ਦੀ ਪੂਰੀ ਗਾਇਕੀ ਟੀਮ ਅਤੇ ਅਪਣੇ ਭਰਾ ਦਾ ਮਨੋਬਲ ਉੱਚਾ ਚੁੱਕਣ ਅਤੇ ਮੈਨੇਜਮੈਂਟ ਪੱਖਾਂ ਨੂੰ ਸੁਚਾਰੂ ਬਣਾਉਣ ਅਤੇ ਉਨ੍ਹਾਂ ਦਾ ਸੰਗੀਤਕ ਅਤੇ ਦਰਸ਼ਕ ਦਾਇਰਾ ਵਿਸ਼ਾਲ ਕਰਨ ਵਿੱਚ ਵੀ ਮੁੱਢਲੇ ਪੜਾਅ ਦੌਰਾਨ ਖਾਸੀ ਤਰੱਦਦਸ਼ੀਲਤਾ ਨੂੰ ਜੀਅ ਜਾਨ ਨਾਲ ਅੰਜ਼ਾਮ ਦਿੱਤਾ।
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦੇ ਦਿਹਾਂਤ ਦਾ ਦੁੱਖ ਵੰਡਾਉਣ ਪਹੁੰਚੇ CM @BhagwantMann ਚੰਡੀਗੜ੍ਹ ਵਿਖੇ ਸਸਕਾਰ ਮੌਕੇ ਭਰੀ ਹਾਜ਼ਰੀ, ਗੁਰਦਾਸ ਮਾਨ ਅਤੇ ਪੂਰੇ ਮਾਨ ਪਰਿਵਾਰ ਨਾਲ਼ ਕੀਤਾ ਦੁੱਖ ਸਾਂਝਾ। pic.twitter.com/QfprftxW9j
— AAP Punjab (@AAPPunjab) June 10, 2025
ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰਹੇ ਮੋਹਰੀ
ਕਿਰਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਗੁਰਦਾਸ ਮਾਨ ਦਾ ਬਚਪਨ ਸਮੇਂ ਤੋਂ ਜਿਆਦਾ ਧਿਆਨ ਗਾਇਕੀ ਵਾਲੇ ਪਾਸੇ ਕੇਂਦਰਿਤ ਰਿਹਾ, ਜਿੰਨ੍ਹਾਂ ਨੂੰ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਸੁਰਖਰੂ ਕਰਨ ਅਤੇ ਖੁਦ ਹੀ ਇਸ ਸਾਰੀ ਕਾਰਜਸ਼ੀਲਤਾ ਨੂੰ ਅੰਜ਼ਾਮ ਦੇਣ ਵਿੱਚ ਵੀ ਗੁਰਪੰਥ ਮਾਨ ਦਾ ਹਮੇਸ਼ਾ ਅਹਿਮ ਯੋਗਦਾਨ ਰਿਹਾ, ਜੋ ਖੇਤੀਬਾੜੀ ਪੱਖਾਂ ਤੋਂ ਲੈ ਕੇ ਮਾਤਾ ਤੇਜ ਕੌਰ ਅਤੇ ਪਿਤਾ ਗੁਰਦੇਵ ਸਿੰਘ ਮਾਨ ਦੀ ਸਾਂਭ ਸੰਭਾਲ ਤੋਂ ਲੈ ਕੇ ਰਿਸ਼ਤੇਦਾਰੀਆਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਦੇ ਫਰਜ਼ ਬਰਾਬਰਤਾ ਨਾਲ ਨਿਭਾਉਣ ਵਿੱਚ ਵੀ ਮੋਹਰੀ ਰਹੇ ਤਾਂ ਕਿ ਉਨ੍ਹਾਂ ਦੇ ਭਰਾ ਗੁਰਦਾਸ ਮਾਨ ਅਪਣੀ ਕਰਮਭੂਮੀ ਵੱਲ ਹੀ ਪੂਰਾ ਧਿਆਨ ਕੇਂਦਰਿਤ ਕਰ ਸਕਣ।
ਹੈਰਾਨੀਜਨਕ ਪੱਖ ਇਹ ਵੀ ਹੈ ਕਿ ਵੱਡੇ ਭਰਾ ਦੇ ਨਾਮਵਰ ਹਸਤੀ ਹੋਣ ਅਤੇ ਰੌਸ਼ਨੀਆਂ ਦੀ ਚਕਾਚੌਂਧ ਦਾ ਹਮੇਸ਼ਾ ਹਿੱਸੇ ਬਣੇ ਰਹਿਣ ਦੇ ਬਾਵਜੂਦ ਗੁਰਪੰਥ ਮਾਨ ਆਪ ਖੁਦ ਇਸ ਸਭ ਕਾਸੇ ਦਾ ਹਿੱਸਾ ਬਣਨਾ ਕਦੇ ਗਵਾਰਾ ਨਹੀਂ ਕੀਤਾ ਅਤੇ ਲਾਈਮ ਲਾਈਟ ਤੋਂ ਪੂਰੀ ਤਰ੍ਹਾਂ ਦੂਰ ਰਹੇ, ਜਿਸ ਸੰਬੰਧਤ ਸਧਾਰਨ ਇਨਸਾਨ ਵਾਂਗ ਜੀਵਨ ਬਸਰ ਕਰਨ ਦੀ ਅਪਣਾਈ ਸੋਚ ਨੂੰ ਉਹਨਾਂ ਜੀਵਨ ਦੇ ਆਖ਼ਰੀ ਸਾਹਾਂ ਤੱਕ ਕਾਇਮ ਰੱਖਿਆ।

ਸਫ਼ਲ ਕਾਰੋਬਾਰੀ ਵਜੋਂ ਵੀ ਬਣਾਈ ਪਹਿਚਾਣ
ਪਿੰਡ ਦੇ ਇੱਕ ਸਾਧਾਰਨ ਕਿਰਸਾਨ ਤੋਂ ਮੰਨੇ ਪ੍ਰਮੰਨੇ ਕਾਰੋਬਾਰੀ ਬਣੇ ਗੁਰਪੰਥ ਮਾਨ ਅੱਲੜ੍ਹਪੁਣੇ ਤੋਂ ਹੀ ਕਾਫ਼ੀ ਜਨੂੰਨੀ ਰਹੇ ਹਨ, ਜਿੰਨ੍ਹਾਂ ਇਲਾਕੇ ਦੇ ਵੱਡੇ ਖੇਤੀ ਆੜਤੀਏ ਦੇ ਰੂਪ ਵਿੱਚ ਵੀ ਅਪਣੀ ਪਹਿਚਾਣ ਕਾਇਮ ਕੀਤੀ ਅਤੇ ਵੱਡਾ ਪੇਂਡੂ ਘੇਰਾ ਸਥਾਪਿਤ ਕਰਨ ਵਿੱਚ ਸਫ਼ਲ ਰਹੇ।
ਮਹਿਜ਼ 68 ਸਾਲ ਦੀ ਉਮਰ ਵਿੱਚ ਸਵਰਗਵਾਸ ਹੋਏ ਗੁਰਪੰਥ ਮਾਨ, ਜੋ ਗੁਰਦਾਸ ਮਾਨ ਤੋਂ ਇਲਾਵਾ ਇੱਕ ਭੈਣ ਦੇ ਵੀ ਭਰਾ ਹਨ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚੇ-ਇੱਕ ਧੀ ਅਤੇ ਇੱਕ ਪੁੱਤਰ ਛੱਡ ਗਏ ਹਨ, ਜਿੰਨ੍ਹਾਂ ਦੇ ਇਹ ਦੋਵੇਂ ਹੋਣਹਾਰ ਬੱਚੇ ਵਿਦੇਸ਼ ਰਹਿੰਦੇ ਹਨ।
ਇਹ ਵੀ ਪੜ੍ਹੋ: