ਚੰਡੀਗੜ੍ਹ: ਹਾਲ ਹੀ ਵਿੱਚ ਬਾਲੀਵੁੱਡ ਫਿਲਮ 'ਕੇਸਰੀ 2' ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ। ਇਸ ਤੋਂ ਬਾਅਦ ਕਾਸਟ ਨੇ ਜਲਿਆਂਵਾਲਾ ਬਾਗ ਵਿਖੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਗੁਰਪ੍ਰੀਤ ਘੁੱਗੀ ਨੇ ਵੀ ਆਪਣੀ ਸ਼ਮੂਲੀਅਤ ਕੀਤੀ।
ਇਸ ਦੌਰਾਨ ਜਦੋਂ ਗਾਇਕ ਗੁਰਦਾਸ ਮਾਨ ਤੋਂ ਪੁੱਛਿਆ ਗਿਆ ਕਿ ਤੁਸੀਂ ਅੱਜ ਇੱਥੇ ਪਹੁੰਚੇ ਹੋ, ਕੀ ਤੁਸੀਂ ਵੀ ਇਸ ਫਿਲਮ ਦਾ ਹਿੱਸਾ ਹੋ ਜਾਂ ਤੁਹਾਡਾ ਕੋਈ ਗੀਤ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਗਾਇਕ-ਅਦਾਕਾਰ ਗੁਰਦਾਸ ਨੇ ਕਿਹਾ, 'ਮੈਂ ਵੀ ਇਸ ਫਿਲਮ ਦਾ ਹਿੱਸਾ ਹਾਂ, ਇਸ ਕਰਕੇ ਕਿਉਂਕਿ ਜਲਿਆਂਵਾਲਾ ਬਾਗ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ, ਇਸ ਫਿਲਮ ਰਾਹੀਂ ਮੈਂ ਉਹਨਾਂ ਸ਼ਹੀਦਾਂ ਨਾਲ ਜੁੜਿਆ ਹਾਂ।' ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਤੁਸੀਂ ਇਸ ਫਿਲਮ ਰਾਹੀਂ ਮਹਿਸੂਸ ਕਰੋਗੇ ਕਿ ਗੋਰਿਆਂ ਦੇ ਸਾਹਮਣੇ ਆਵਾਜ਼ ਉਠਾਉਣੀ ਮਤਲਬ ਗੋਲੀ ਹੁੰਦਾ ਸੀ।
ਸਾਲ 1980 ਵਿੱਚ ਡੀਡੀ ਨੈਸ਼ਨਲ ਵੱਲੋਂ ਪੇਸ਼ ਕੀਤੇ ਗਏ ਗਾਣੇ "ਦਿਲ ਦਾ ਮਾਮਲਾ ਹੈ" ਨਾਲ ਹਿੰਦੀ ਸੰਗੀਤ ਜਗਤ ਵਿੱਚ ਆਮਦ ਕਰਨ ਵਾਲੇ ਇਹ ਗਾਇਕ ਹਾਲੀਆ ਸਮੇਂ ਦੇ ਕੁਝ ਗਾਇਕੀ ਅਤੇ ਸਿਨੇਮਾ ਠਹਿਰਾਵ ਬਾਅਦ ਇੱਕ ਵਾਰ ਮੁੜ ਕਾਫ਼ੀ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ।
ਮੂਲ ਰੂਪ ਵਿੱਚ ਮਾਲਵਾ ਦੇ ਸਰਹੱਦੀ ਕਸਬੇ ਗਿੱਦੜਬਾਹਾ ਨਾਲ ਸੰਬੰਧਤ ਇਹ ਆਹਲਾ ਦਰਜਾ ਫਨਕਾਰ ਪੰਜਾਬੀ ਮਿਊਜ਼ਿਕ ਅਤੇ ਸਿਨੇਮਾ ਇੰਡਸਟਰੀ ਵਿੱਚ ਚਾਰ ਦਹਾਕਿਆਂ ਤੋਂ ਵੀ ਵੱਧ ਦਾ ਪੈਂਡਾ ਸਫਲਤਾਪੂਰਵਕ ਕਰ ਚੁੱਕੇ ਹਨ ਅਤੇ ਹੈਰਾਨੀਜਨਕ ਇਹ ਵੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਦੀ ਨਯਾਬ ਗਾਇਨ ਸ਼ੈਲੀ ਦਾ ਜਲਵਾ ਪੰਜਾਬ ਤੋਂ ਲੈ ਸੱਤ ਸੁਮੰਦਰ ਪਾਰ ਤੱਕ ਜਿਓ ਦਾ ਤਿਓ ਕਾਇਮ ਹੈ, ਜਿੰਨ੍ਹਾਂ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਲੈ ਕੇ ਇਹ ਬੇਮਿਸਾਲ ਗਾਇਕ ਕਾਫ਼ੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ: