ਚੰਡੀਗੜ੍ਹ: ਰਿਲੀਜ਼ ਹੋਈ ਪੰਜਾਬੀ ਧਾਰਮਿਕ ਫਿਲਮ 'ਅਕਾਲ' ਇੰਨੀ ਦਿਨੀਂ ਦੇਸ਼-ਵਿਦੇਸ਼ ਵਿੱਚ ਬਹੁ-ਚਰਚਾ ਹਾਸਿਲ ਕਰ ਰਹੀ ਹੈ, ਜਿਸ ਵਿੱਚ ਕੰਮ ਕਰਨ ਵਾਲੇ ਅਦਾਕਾਰ ਸ਼ਿੰਦਾ ਗਰੇਵਾਲ ਅਤੇ ਏਕਮ ਗਰੇਵਾਲ ਵੀ ਦਰਸ਼ਕਾਂ ਦੀ ਲਗਾਤਾਰ ਖਿੱਚ ਦਾ ਕੇਂਦਰ ਬਣੇ ਹੋਏ ਹਨ, ਜਿੰਨ੍ਹਾਂ ਵੱਲੋਂ ਨਿਭਾਏ ਪ੍ਰਭਾਵੀ ਕਿਰਦਾਰਾਂ ਨੂੰ ਚੁਫੇਂਰਿਓ ਭਰਵੀਂ ਦਰਸ਼ਕਾਂ ਸਲਾਹੁਤਾ ਮਿਲ ਰਹੀ ਹੈ।
ਪਾਲੀਵੁੱਡ ਸਟਾਰ ਗਿੱਪੀ ਗਰੇਵਾਲ ਦੇ ਇਹ ਦੋਨੋਂ ਹੋਣਹਾਰ ਬੇਟੇ ਪਿਛਲੇ ਕਾਫ਼ੀ ਸਮੇਂ ਤੋਂ ਸਿਨੇਮਾ ਦੀ ਦੁਨੀਆ ਨਾਲ ਵੱਖ-ਵੱਖ ਪੱਖਾਂ ਅਧੀਨ ਜੁੜੇ ਹੋਏ ਹਨ, ਜਦਕਿ ਦੋਹਾਂ ਭਰਾਵਾਂ ਵੱਲੋਂ ਬਤੌਰ ਅਦਾਕਾਰ ਪਹਿਲੀ ਵਾਰ ਇਕੱਠਿਆਂ ਸਿਲਵਰ ਸਕਰੀਨ ਸਪੇਸ ਸ਼ੇਅਰ ਕੀਤੀ ਗਈ ਹੈ, ਜੋ ਅਪਣੇ ਘਰੇਲੂ ਪ੍ਰੋਡੋਕਸ਼ਨ ਦੀਆਂ ਕਈ ਹਾਲੀਆਂ ਫਿਲਮਾਂ ਲਈ ਪਰਦੇ ਪਿੱਛੇ ਦੀਆਂ ਕਈ ਅਹਿਮ ਜ਼ਿੰਮੇਵਾਰੀਆਂ ਨੂੰ ਇਕੱਠਿਆਂ ਨਿਭਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਉਕਤ ਸੰਦਰਭ ਵਿੱਚ ਸ਼ਿੰਦਾ ਗਰੇਵਾਲ ਦੀ ਗੱਲ ਕਰੀਏ ਤਾਂ ਸਾਲ 2015 ਵਿੱਚ ਆਈ ਪੰਜਾਬੀ ਫਿਲਮ 'ਫਰਾਰ' ਨਾਲ ਉਸ ਵੱਲੋਂ ਅਪਣੇ ਅਦਾਕਾਰੀ ਸਫ਼ਰ ਦਾ ਸ਼ਾਨਦਾਰ ਅਗਾਜ਼ ਕੀਤਾ ਗਿਆ ਸੀ, ਜੋ ਇਸ ਤੋਂ ਬਾਅਦ ਪੜਾਅ ਦਰ ਪੜਾਅ ਸਾਹਮਣੇ ਆਈਆਂ ਪੰਜਾਬੀ ਫਿਲਮਾਂ 'ਅਰਦਾਸ'(2019), 'ਹੌਂਸਲਾ ਰੱਖ' (2021),'ਕੈਰੀ ਆਨ ਜੱਟਾ 3' (2023), 'ਸ਼ਿੰਦਾ ਸ਼ਿੰਦਾ ਨੋ ਪਾਪਾ' (2024) ਅਤੇ ਹੁਣ 'ਅਕਾਲ' (2025 ) ਦਾ ਬਹੁ ਪ੍ਰਭਾਵੀ ਹਿੱਸਾ ਰਿਹਾ ਹੈ।
ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਸਭ ਤੋਂ ਵੱਡੇ ਬੇਟੇ ਏਕਮ ਗਰੇਵਾਲ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ 'ਅਕਾਲ' ਨਾਲ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਇਹ ਅੱਲੜ੍ਹ ਨੌਜਵਾਨ ਬਤੌਰ ਸਹਿ ਨਿਰਦੇਸ਼ਕ ਵੀ ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਚੌਖੀ ਭੱਲ ਕਾਇਮ ਕਰਨ ਵੱਲ ਵੱਧ ਰਿਹਾ ਹੈ, ਜੋ ਅਪਣੀ ਘਰੇਲੂ ਫਿਲਮ ਨਿਰਮਾਣ ਕੰਪਨੀ 'ਹੰਬਲ ਮੋਸ਼ਨ ਪਿਕਚਰਸ' ਅਧੀਨ ਬਣੀ ਪਰਿਵਾਰਿਕ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨਾਲ ਵੀ ਸਹਾਇਕ ਨਿਰਦੇਸ਼ਕ ਵਜੋਂ ਜੁੜਿਆ ਰਿਹਾ ਹੈ।
ਪਿਤਾ ਦੀ ਸਿਨੇਮਾ ਵਿਰਾਸਤ ਨੂੰ ਹੋਰ ਗੂੜੇ ਰੰਗ ਦੇ ਰਹੇ ਸ਼ਿੰਦਾ ਗਰੇਵਾਲ ਅਤੇ ਏਕਮ ਗਰੇਵਾਲ ਅੱਜਕੱਲ੍ਹ ਕੈਨੇਡਾ ਵਿਖੇ ਅਪਣੀ ਸਕੂਲੀ ਪੜਾਈ ਨੂੰ ਵੀ ਨਾਲੋਂ-ਨਾਲ ਅੰਜ਼ਾਮ ਦੇ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣੀ ਉਕਤ ਫਿਲਮ 'ਅਕਾਲ' ਵਿੱਚ ਕਾਫ਼ੀ ਮਿਹਨਤ ਅਤੇ ਜਨੂੰਨੀਅਤ ਨਾਲ ਅਪਣੇ ਕਿਰਦਾਰ ਅਦਾ ਕੀਤੇ ਗਏ ਹਨ ਅਤੇ ਇਸ ਲਈ 'ਘੋੜਸਵਾਰੀ', 'ਤਲਵਾਰਬਾਜੀ' ਅਤੇ 'ਗਤਕੇ' ਆਦਿ ਦੀ ਟ੍ਰੇਨਿੰਗ ਵੀ ਲਈ ਗਈ ਹੈ।
ਇਹ ਵੀ ਪੜ੍ਹੋ: