ਚੰਡੀਗੜ੍ਹ: ਪੰਜਾਬੀ ਸਿਨੇਮਾ ਜਗਤ ਵਿੱਚ ਗਾਇਕੀ ਦੇ ਨਾਲ ਨਾਲ ਅਦਾਕਾਰੀ ਅਤੇ ਨਿਰਦੇਸ਼ਨ ਵਿੱਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਉਭਰਦੇ ਸਿਤਾਰੇ, ਗਾਇਕ ਅਤੇ ਅਦਕਾਰ ਗਿੱਪੀ ਗਰੇਵਾਲ ਨੇ ਫ਼ਿਲਮ ਅਰਦਾਸ ਅਤੇ ਅਰਦਾਸ ਸਰਬੱਤ ਦੇ ਭਲੇ ਦੀ ਵਰਗੀਆਂ ਫ਼ਿਲਮਾਂ ਬਣਾ ਕੇ ਲੋਕਾਂ ਦਾ ਦਿਲ ਜਿੱਤਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲ ਹੀ 'ਚ ਬਾਲੀਵੁੱਡ ਫਿਲਮ ਨਿਰਦੇਸ਼ਕ ਕਰਨ ਜੌਹਰ ਦੇ ਨਾਲ ਮਿਲ ਕੇ ਫ਼ਿਲਮ 'ਅਕਾਲ' ਬਣਾਈ ਜੋ ਕਿ ਦੇਸ਼ ਅਤੇ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਵਿਚਾਲੇ ਫ਼ਿਲਮ ਦਾ ਵਿਰੋਧ ਵੀ ਹੋਇਆ। ਜਿਸ ਤੋਂ ਬਾਅਦ ਅੱਜਾ ਅਦਾਕਾਰ ਗਿੱਪੀ ਗਰੇਵਾਲ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਕਿਹਾ ਕਿ 'ਮੇਰੀ ਫਿਲਮ ਨੂੰ ਵੇਖਣ ਤੋਂ ਪਹਿਲਾਂ ਹੀ ਉਸ ਉੱਤੇ ਟਿੱਪਣੀਆਂ ਨਾ ਕਰੋ। ਪਹਿਲਾਂ ਫਿਲਮ ਦੇਖੋ ਅਤੇ ਫਿਰ ਕੋਈ ਬਿਆਨ ਜਾਰੀ ਕਰੋ।'
ਸੋਚੀ ਸਮਝੀ ਸਾਜਿਸ਼ ਤਹਿਤ ਕਰਵਾਇਆ ਜਾ ਰਿਹੈ ਵਿਰੋਧ
ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਇਹ ਵੀ ਇਸ਼ਾਰਾ ਕੀਤਾ ਕਿ 'ਇਸ ਵਿਰੋਧ ਪਿੱਛੇ ਕੋਈ ਸੋਚੀ ਸਮਝੀ ਸਾਜਿਸ਼ ਵੀ ਹੋ ਸਕਦੀ ਹੈ। ਅੱਜ ਕੱਲ ਲੋਕ ਪੇਅਡ ਪ੍ਰਮੋਸ਼ਨ ਕਰਵਾਉਂਦੇ ਨੇ ਤੇ ਪੇਅਡ ਡਿਮੋਸ਼ਨ ਵੀ ਕਰਵਾਉਂਦੇ ਨੇ । ਸਿੱਖ ਭਾਈਚਾਰੇ ਲਈ ਬਣਾਈ ਗਈ ਫਿਲਮ ਅਸੀਂ ਸੋਚ ਸਮਝ ਕੇ ਹੀ ਬਣਾਈ ਹੈ, ਇਸ ਵਿੱਚ ਗੁਰਪ੍ਰੀਤ ਘੁੱਗੀ ਅਤੇ ਹੋਰ ਕਲਾਕਾਰਾਂ ਦੀ ਮਿਹਨਤ ਲੱਗੀ ਹੈ ਇਹ ਮੇਰੇ ਕਰੀਅਰ ਦੀ ਸਭ ਤੋਂ ਵਧੀਆ ਫਿਲਮ ਹੈ। ਇਸ ਲਈ ਮੈਂ ਇਹੀ ਗੁਜ਼ਾਰਿਸ਼ ਕਰਦਾ ਹਾਂ ਕਿ ਪਹਿਲਾਂ ਫਿਲਮ ਦੇਖੋ ਅਤੇ ਫਿਰ ਇਸ ਦਾ ਵਿਰੋਧ ਕਰੋ ਜਾਂ ਫਿਰ ਇਸ ਦੀ ਪ੍ਰਸ਼ੰਸਾ ਕਰੋ, ਜੋ ਵੀ ਦਰਸ਼ਕ ਕਹਿਣਗੇ ਉਹ ਸਿਰ ਮੱਥੇ ਹੋਵੇਗਾ।'
'ਮੇਰੇ ਨਾਲ ਤਕਲੀਫ਼ ਹੈ ਤਾਂ ਗੱਲ ਕਰੋ'
ਗਿੱਪੀ ਗਰੇਵਾਲ ਨੇ ਇਹ ਵੀ ਇਸ਼ਾਰਾ ਕੀਤਾ ਕਿ 'ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਅੱਜ ਕੱਲ ਬਹੁਤ ਜ਼ੋਰਾਂ ਸ਼ੋਰਾਂ 'ਤੇ ਪੈਸੇ ਦੇ ਕੇ ਵੀ ਰਿਵਿਊ ਕਰਵਾਏ ਜਾਂਦੇ ਨੇ ਜੇਕਰ ਕਿਸੇ ਨੂੰ ਮੇਰੇ ਨਾਲ ਕੋਈ ਪ੍ਰੋਬਲਮ ਹੈ ਤਾਂ ਉਹ ਮੇਰੇ ਨਾਲ ਗੱਲ ਕਰ ਸਕਦਾ ਹੈ ਮੈਨੂੰ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ। ਜੇਕਰ ਫਿਲਮ ਦੇ ਵਿੱਚ ਕੋਈ ਦਿੱਕਤ ਹੋਵੇ ਤਾਂ ਉਸਨੂੰ ਦੁਰੁਸਤ ਕਰ ਸਕਦੇ ਸੀ। ਪਹਿਲਾਂ ਟੀਜ਼ਰ ਵੀ ਆਇਆ ਤਾਂ ਵੀ ਕਿਸੇ ਨੇ ਕੁਝ ਨਹੀਂ ਕਿਹਾ ਅਤੇ ਟਰੇਲਰ ਆਇਆ ਉਦੋਂ ਵੀ ਕਿਸੇ ਨੇ ਕੁਝ ਨਹੀਂ ਕਿਹਾ ਪਰ ਅਚਾਨਕ ਹੀ ਫਿਲਮ ਚੱਲਣ ਦੇ ਦੋ ਦਿਨ ਬਾਅਦ ਹੀ ਇਸ ਦਾ ਵਿਰੋਧ ਕਰਨਾ ਹੈਰਾਨੀ ਦੀ ਗੱਲ ਹੈ।'
ਸਿੱਖ ਜਥੇਬੰਦੀਆਂ ਨੂੰ ਪਸੰਦ ਆ ਰਹੀ ਫਿਲਮ ਅਕਾਲ
ਅਦਾਕਾਰ ਗਿੱਪੀ ਗਰੇਵਾਲ ਨੇ ਇਹ ਵੀ ਕਿਹਾ ਕਿ 'ਮੈਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਹ ਫਿਲਮ ਦਿਖਾਈ ਹੈ ਅਤੇ ਉਨ੍ਹਾਂ ਨਾਲ ਚਰਚਾ ਵੀ ਕੀਤੀ ਹੈ, ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਫਿਰ ਕੁਝ ਲੋਕ ਇਸ ਦਾ ਵਿਰੋਧ ਕਰਦੇ ਹਨ ਅਤੇ ਇਹ ਵੀ ਸਵਾਲ ਚੁੱਕਦੇ ਹਨ ਕਿ ਜਿਨਾਂ ਨੂੰ ਫਿਲਮ ਦਿਖਾਈ ਜਾ ਰਹੀ ਹੈ ਉਹ ਅਸਲੀ ਸਿੱਖ ਨਹੀਂ ਹਨ। ਗਿੱਪੀ ਗਰੇਵਾਲ ਨੇ ਕਿਹਾ ਕਿ ਫਿਰ ਸਾਨੂੰ ਦੱਸ ਦਿਓ ਕਿ ਅਸੀਂ ਕਿਸ ਪਾਸੇ ਜਾਈਏ ਕਿਉਂਕਿ ਸਾਡਾ ਮਕਸਦ ਲੋਕਾਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨਾ ਹੈ ਅਤੇ ਲੋਕਾਂ ਦਾ ਮਨੋਰੰਜਨ ਕਰਨਾ ਹੈ। ਅਸੀਂ ਗਲਤ ਚੀਜ਼ਾਂ ਉੱਤੇ ਮਿਹਨਤ ਕਿਉਂ ਕਰਾਂਗੇ'।
ਵਿਰੋਧ ਦਾ ਕਰਨਾ ਪਿਆ ਸਾਹਮਣਾ
ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੇ ਵਿਵਾਦ ਖੜੇ ਹੋਏ ਨੇ। ਫਿਲਮ ਅਕਾਲ ਨੂੰ ਲੈ ਕੇ ਨਿਹੰਗਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਲੁਧਿਆਣਾ ਦੇ ਸਿਨੇਮਾ ਘਰ ਦੇ ਵਿੱਚ ਅਕਾਲ ਫਿਲਮ ਨੂੰ ਰੁਕਵਾਇਆ ਗਿਆ ਇਸ ਦੇ ਲਈ ਇਕੱਠ ਹੋਇਆ। ਦੱਸ ਦੇਈਏ ਕਿ ਉਕਤ ਵਿਰੋਧ ਕਰਨ ਵਾਲੇ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਅਕਾਲ ਦੇ ਵਿੱਚ ਅਦਾਕਾਰੀ ਕਰਨ ਵਾਲੇ ਕਲਾਕਾਰ ਨਕਲੀ ਦਾੜੀ ਅਤੇ ਕੇਸ ਲਗਾ ਕੇ ਖੁਦ ਨੂੰ ਸਿੱਖਾਂ ਵਾਂਗ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅਸਲ ਵਿੱਚ ਇਹ ਆਪਣੇ ਨਾਮ ਦੇ ਪਿੱਛੇ ਸਿੰਘ ਤੱਕ ਨਹੀਂ ਲਗਾਉਂਦੇ, ਜੋ ਕਿ ਗਲਤ ਹੈ।
ਕਰਨ ਜੋਹਰ ਨੇ ਕੀਤਾ ਪੰਜਾਬੀ ਸਿਨੇਮਾ 'ਚ ਡੈਬਿਉ
ਇੱਥੇ ਦੱਸਣ ਯੋਗ ਹੈ ਕਿ ਹਾਲ ਦੇ ਵਿੱਚ ਗਿੱਪੀ ਗਰੇਵਾਲ, ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ ,ਪ੍ਰਿੰਸ ਕਵਲਜੀਤ ਸਿੰਘ, ਨਿਕੇਤਨ ਧੀਰ ਗਿੱਪੀ ਗਰੇਵਾਲ ਦਾ ਪੁਤੱਰ ਅਤੇ ਬਾਲ ਕਲਾਕਾਰ ਸ਼ਿੰਦਾ ਗਰੇਵਾਲ ਅਤੇ ਹੋਰ ਵੀ ਕਈ ਫਿਲਮੀ ਸਿਤਾਰੇ ਅਕਾਲ ਵਿੱਚ ਅਹਿਮ ਭੂਮਿਕਾ ਦੇ 'ਚ ਨਜ਼ਰ ਆ ਰਹੇ ਹਨ। ਅਕਾਲ ਫ਼ਿਲਮ ਰਾਹੀਂ ਬੋਲੀਵੁੱਡ ਨਿਰਦੇਸ਼ਕ ਕਰਨ ਜੋਹਰ ਨੇ ਵੀ ਪੋਲੀਵੁੱਡ ਦੇ ਵਿੱਚ ਡੈਬਿਊ ਕੀਤਾ ਅਤੇ ਕਰਨ ਜੋਹਰ ਦੇ ਧਰਮਾਂ ਪ੍ਰੋਡਕਸ਼ਨ ਵੱਲੋਂ ਅਕਾਲ ਨੂੰ ਵਰਲਡ ਵਾਈਡ ਡਿਸਟਰੀਬਿਊਟ ਕੀਤਾ ਗਿਆ ਹੈ। ਜਦਕਿ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪੰਜਾਬੀ ਭਾਸ਼ਾ ਦਾ ਡਿਸਟਰੀਬਿਊਸ਼ਨ 'ਵਾਈਟ ਹਿਲ ਸਟੂਡੀਓਜ' ਵੱਲੋਂ ਕੀਤਾ ਗਿਆ ਹੈ ਅਤੇ ਇਸ ਦੀ ਕਹਾਣੀ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਦਾ ਆਪਣਾ ਹੈ।