ਚੰਡੀਗੜ੍ਹ: ਅਨਮੋਲ ਕਵਾਤਰਾ ਪਿਛਲੇ ਕੁਝ ਸਾਲਾਂ ਤੋਂ 'ਏਕ ਜ਼ਰੀਆ' ਨਾਂਅ ਦੀ ਫਾਊਂਡੇਸ਼ਨ ਚਲਾ ਰਹੇ ਹਨ, ਜਿਸ ਰਾਹੀਂ ਉਹ ਕਈ ਤਰ੍ਹਾਂ ਦੇ ਲੋੜਵੰਦਾਂ ਦੀ ਮਦਦ ਕਰਦੇ ਹਨ, ਇਸ ਫਾਊਂਡੇਸ਼ਨ ਵਿੱਚ ਆਏ ਦਿਨ ਪੰਜਾਬੀ ਗਾਇਕ-ਅਦਾਕਾਰ ਸ਼ਾਮਲ ਹੁੰਦੇ ਰਹਿੰਦੇ ਹਨ ਅਤੇ ਇਸ ਕੰਮ ਵਿੱਚ ਅਨਮੋਲ ਕਵਾਤਰਾ ਦਾ ਸਹਿਯੋਗ ਕਰਦੇ ਹਨ।
ਇਸੇ ਤਰ੍ਹਾਂ ਹਾਲ ਹੀ ਵਿੱਚ 'ਏਕ ਜ਼ਰੀਆ' ਫਾਊਂਡੇਸ਼ਨ ਦੇ ਸਥਾਨ ਉਤੇ ਫਿਲਮ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਪਹੁੰਚੇ, ਜਿੱਥੇ ਉਨ੍ਹਾਂ ਨੇ ਅਨਮੋਲ ਕਵਾਤਰਾ ਨਾਲ ਸਮਾਂ ਬਤੀਤ ਕੀਤਾ ਅਤੇ ਦੇਖਿਆ ਕਿ ਉਹ ਕਿਸ ਤਰ੍ਹਾਂ ਕੰਮ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਫਾਊਂਡੇਸ਼ਨ ਵਿੱਚ ਆਪਣਾ ਸਹਿਯੋਗ ਪਾਇਆ।
ਇਸ ਸੰਬੰਧੀ ਵੀਡੀਓ ਸਾਂਝਾ ਕਰਦੇ ਹੋਏ ਅਦਾਕਾਰ-ਲੇਖਕ ਜਗਦੀਪ ਸਿੱਧੂ ਨੇ ਕਿਹਾ, 'ਮੈਂ ਕੱਲ੍ਹ ਅਨਮੋਲ ਕਵਾਤਰਾ ਦੇ ਐੱਨਜੀਓ ਵਿੱਚ ਗਿਆ ਸੀ, ਮੈਂ ਉੱਥੇ ਲੋਕਾਂ ਨੂੰ ਮਿਲਿਆ, ਜੋ ਮਦਦ ਲਈ ਆਉਂਦੇ ਹਨ ਜਾਂ ਫਿਰ ਜਿੰਨ੍ਹਾਂ ਨੂੰ ਮਦਦ ਚਾਹੀਦੀ ਹੁੰਦੀ ਹੈ ਅਤੇ ਮੈਂ ਦੇਖਿਆ ਕਿ ਉਨ੍ਹਾਂ ਦੀ ਐੱਨਜੀਓ ਕਿਸ ਤਰ੍ਹਾਂ ਕੰਮ ਕਰਦੀ ਹੈ।'
ਨਿਰਦੇਸ਼ਕ ਨੇ ਅੱਗੇ ਕਿਹਾ, 'ਕਿੰਨੇ ਲੋਕ ਉਥੇ ਆ ਕੇ ਬਤਮੀਜ਼ੀ ਵੀ ਕਰਦੇ ਹਨ ਜਿਵੇਂ ਇਹਨਾਂ ਨੇ ਉਹਨਾਂ ਦਾ ਕੁੱਝ ਦੇਣਾ ਹੋਵੇ, ਕਿੰਨੇ ਲੋਕ ਹਨ, ਜੋ ਇਲਾਜ ਕਰਵਾ ਵੀ ਸਕਦੇ ਹਨ, ਪਰ ਉਹ ਵੀ ਆ ਕੇ ਉੱਥੇ ਬੈਠ ਜਾਂਦੇ ਹਨ, ਕਿੰਨੇ ਲੋਕ ਹਨ, ਜੋ ਕਹਿੰਦੇ ਹਨ ਕਿ 10 ਰੁਪਏ ਵੀ ਇਹ ਦੇਣ...ਅਤੇ ਇਸ ਤਰ੍ਹਾਂ ਦੇ ਲੋਕਾਂ ਨਾਲ ਡੀਲ ਕਰਨਾ ਅਤੇ ਇੰਨਾ ਚੰਗਾ ਕੰਮ ਕਰਨ ਦੇ ਬਾਵਜੂਦ ਵੀ ਲੋਕ ਇਹਨਾਂ ਨੂੰ ਛੋਟੇ ਛੋਟੇ ਵਿਵਾਦਾਂ ਵਿੱਚ ਕੜੀਸ ਲੈਂਦੇ ਹਨ। ਮੈਨੂੰ ਬਹੁਤ ਦੁੱਖ ਹੋਇਆ ਕਿ ਬੰਦਾ ਫਿਰ ਵੀ ਕਿਸੇ ਲਈ ਲੜ ਰਿਹਾ ਹੈ, ਮੈਂ ਦੇਖ ਰਿਹਾ ਸੀ ਕਿ ਇਹ ਬੰਦਾ ਕਿੰਨਾ ਸਟਰੌਂਗ ਹੈ, ਮੇਰੇ ਤੋਂ ਉੱਥੇ ਪੰਜ ਮਿੰਟ ਨਹੀਂ ਬੈਠਿਆ ਗਿਆ, ਜੇਕਰ ਥੋੜਾ ਸਮਾਂ ਮੈਂ ਹੋਰ ਬੈਠਦਾ ਤਾਂ ਬੇਹੋਸ਼ ਹੋ ਜਾਣਾ ਸੀ, ਪਰ ਇਹ ਬੰਦਾ ਉਨ੍ਹਾਂ ਨਾਲ ਸਟਰੌਂਗ ਹੋ ਕੇ ਉਨ੍ਹਾਂ ਨਾਲ ਡੀਲ ਕਰਦਾ, ਬੰਦਾ ਬਿਨ੍ਹਾਂ ਰੁਕੇ ਇਹ ਕੰਮ ਕਰ ਰਿਹਾ।'
ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੀ ਮਨੋਰੰਜਨ ਇੰਡਸਟਰੀ ਨੂੰ ਬੇਨਤੀ ਕੀਤੀ ਕਿ ਉਹ ਵੀ ਵੱਧ ਚੜ੍ਹ ਕੇ ਅਨਮੋਲ ਕਵਾਤਰਾ ਦਾ ਸਹਿਯੋਗ ਕਰਨ ਅਤੇ ਲੋਕਾਂ ਦੀ ਮਦਦ ਕਰਨ ਵਿੱਚ ਹਿੱਸਾ ਪਾਉਣ।
ਇਸ ਦੌਰਾਨ ਜੇਕਰ ਨਿਰਦੇਸ਼ਕ ਜਗਜੀਤ ਸਿੱਧੂ ਬਾਰੇ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਬਾਲੀਵੁੱਡ ਫਿਲਮ 'ਸੰਨ ਆਫ਼ ਸਰਦਾਰ 2' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਫਿਲਮ ਦਾ ਨਿਰਦੇਸ਼ਨ 'ਕਲੀ ਜੋਟਾ' ਦੇ ਨਿਰਦੇਸ਼ਕ ਵਿਜੇ ਅਰੋੜਾ ਕਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਕੋਲ ਹੋਰ ਕਈ ਪੰਜਾਬੀ ਫਿਲਮਾਂ ਰਿਲੀਜ਼ ਲਈ ਤਿਆਰ ਹਨ।
ਇਹ ਵੀ ਪੜ੍ਹੋ: