ਚੰਡੀਗੜ੍ਹ: ਸਿਨੇਮਾ ਚਾਹੇ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਕਿਉਂ ਨਾ ਹੋਵੇ, ਉਸਦੇ ਗਲੋਬਲਾਈਜੇਸ਼ਨ ਲਈ ਇਸ ਖਿੱਤੇ ਨਾਲ ਜੁੜਾਵ ਰੱਖਣ ਵਾਲਿਆ ਦਾ ਆਪਸੀ ਅਦਾਨ ਪ੍ਰਦਾਨ ਬੇਹੱਦ ਜ਼ਰੂਰੀ ਹੈ, ਜਿਸ ਨਾਲ ਫਿਲਮਾਂ ਦੇ ਚਿਹਰੇ ਮੋਹਰੇ ਨੂੰ ਤਰੋ-ਤਾਜ਼ਗੀ ਭਰਿਆ ਅਤੇ ਹੋਰ ਪ੍ਰਭਾਵੀ ਰੂਪ ਦੇਣ ਵਿੱਚ ਵੀ ਮਦਦ ਮਿਲੇਗੀ।
ਇਹ ਵਿਚਾਰ ਪ੍ਰਗਟਾਵਾ ਬਾਲੀਵੁੱਡ ਦੇ ਦਿੱਗਜ ਲੇਖਕ ਅਤੇ ਨਿਰਦੇਸ਼ਕ ਤਿਗਮਾਂਸ਼ੂ ਧੂਲੀਆ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਚੰਡੀਗੜ੍ਹ ਵਿਖੇ ਆਯੋਜਿਤ 'ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ 2025' ਦਾ ਹਿੱਸਾ ਬਣਨ ਲਈ ਮੁੰਬਈ ਤੋਂ ਉਚੇਚੇ ਤੌਰ ਉਤੇ ਇੱਥੇ ਪੁੱਜੇ ਇਸ ਅਜ਼ੀਮ ਫ਼ਿਲਮਕਾਰ ਨੇ ਅਪਣੇ ਮਨੋਭਾਵਾਂ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਕਤ ਸਮਾਰੋਹ ਲੜੀ ਨਾਰਥ ਇੰਡੀਆ ਵਿੱਚ ਆਯੋਜਨ ਇੱਕ ਬੇਹੱਦ ਪ੍ਰਭਾਵਪੂਰਨ ਉਪਰਾਲਾ ਹੈ, ਜਿਸ ਨਾਲ ਨਵ ਪ੍ਰਤਿਭਾਵਾਂ ਅਤੇ ਵਿਸ਼ਵਭਰ ਦੇ ਸਿਨੇਮਾ ਨਾਲ ਜੁੜੇ ਸਾਥੀਆਂ ਨੂੰ ਮਿਲਣ ਅਤੇ ਇਸ ਸਿਰਜਨਾਤਮਕਤਾ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਜਾਣਨ ਅਤੇ ਸਮਝਣ ਦਾ ਅਵਸਰ ਮਿਲਦਾ ਹੈ।
'ਨੈਸ਼ਨਲ ਸਕੂਲ ਆਫ ਡਰਾਮਾ' ਦੇ ਹੋਣਹਾਰ ਸਿਖਿਆਰਥੀ ਰਹੇ ਤਿਗਮਾਂਸ਼ੂ ਧੂਲੀਆ ਮੂਲ ਰੂਪ ਵਿੱਚ ਅਲਾਹਾਬਾਦ ਨਾਲ ਸੰਬੰਧ ਰੱਖਦੇ ਹਨ, ਜੋ 'ਜੀ ਸਿਨੇ ਐਵਾਰਡ ਫਾਰ ਬੈਸਟ ਡਾਇਲਾਗ', 'ਨੈਸ਼ਨਲ ਫਿਲਮ ਐਵਾਰਡ ਫਾਰ ਬੈਸਟ ਫਿਲਮ' ਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਵੀ ਅਪਣੀ ਝੋਲੀ ਪਾ ਚੁੱਕੇ ਹਨ।
ਸਾਲ 1998 ਵਿੱਚ ਆਈ ਸ਼ਾਹਰੁਖ ਖਾਨ ਸਟਾਰਰ ਫਿਲਮ 'ਦਿਲ ਸੇ' ਲਈ ਵੀ ਸੰਵਾਦ ਲੇਖਣ ਕਰ ਚੁੱਕੇ ਹਨ, ਜੋ ਕਿ ਯੂਕੇ ਦੀ ਚਾਰਟ ਲਿਸਟ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਾਲੀ ਪਹਿਲੀ ਬਾਲੀਵੁੱਡ ਫਿਲਮ ਰਹੀ ਅਤੇ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੀ ਦਿਖਾਈ ਗਈ।
ਹਿੰਦੀ ਸਿਨੇਮਾ ਦੀ ਬਿਹਤਰੀਨ ਫਿਲਮ ਰਹੀ 'ਪਾਨ ਸਿੰਘ ਤੋਮਰ' ਦਾ ਨਿਰਦੇਸ਼ਨ ਕਰ ਵੀ ਸਿਨੇਮਾ ਗਲਿਆਰਿਆਂ ਵਿੱਚ ਚੋਖੀ ਭੱਲ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਇਹ ਬਾਕਮਾਲ ਲੇਖਕ ਅਤੇ ਨਿਰਦੇਸ਼ਕ, ਜਿੰਨ੍ਹਾਂ ਦੀ ਇਸ ਪ੍ਰਭਾਵਪੂਰਨ ਫਿਲਮ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ, ਜਿਸਦਾ ਪ੍ਰੀਮੀਅਰ 2010 ਦੇ BFI ਲੰਡਨ ਫਿਲਮ ਫੈਸਟੀਵਲ ਵਿੱਚ ਹੋਇਆ।
ਇਸ ਤੋਂ ਇਲਾਵਾ ਥ੍ਰਿਲਰ-ਡਰਾਮਾ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ' ਸੀਰੀਜ਼ ਤੋਂ ਇਲਾਵਾ 'ਹਾਸਿਲ', 'ਬੁਲਟ ਰਾਜਾ', 'ਰਿਵਾਲਵਰ ਰਾਣੀ', 'ਮਿਲਣ ਟਾਕੀਜ਼', 'ਰਾਤ ਅਕੇਲੀ ਹੈ', 'ਗੈਂਗਜ਼ ਆਫ ਵਾਸੇਪੁਰ' ਆਦਿ ਫਿਲਮਾਂ ਨੇ ਵੀ ਉਨ੍ਹਾਂ ਦੇ ਫਿਲਮੀ ਕੱਦ ਨੂੰ ਹੋਰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਅਗਾਮੀ ਯੋਜਨਾਵਾਂ ਦੀ ਗੱਲ ਕਰਦਿਆਂ ਇਸ ਅਜ਼ੀਮ ਨਿਰਦੇਸ਼ਕ ਨੇ ਦੱਸਿਆ ਕਿ ਉਹ ਮਹਾਨ ਫਿਲਮਕਾਰ ਰਹੇ ਮਰਹੂਮ ਕੇ ਆਸਿਫ, ਜਿੰਨ੍ਹਾਂ 'ਮੁਗਲ-ਏ-ਆਜ਼ਮ' ਜਿਹੀ ਇਤਿਹਾਸਕ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਕ ਕੀਤਾ ਗਿਆ, ਉਨ੍ਹਾਂ ਦੇ ਜੀਵਨ ਅਤੇ ਸਿਨੇਮਾ ਕਰੀਅਰ ਨੂੰ ਪ੍ਰਤੀਬਿੰਬ ਕਰਦੀ ਬਾਇਓਪਿਕ ਬਣਾਉਣ ਜਾ ਰਹੇ ਹਨ, ਜਿਸ ਸੰਬੰਧਤ ਰਸਮੀ ਐਲਾਨ ਜਲਦ ਹੀ ਉਨ੍ਹਾਂ ਵੱਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: