ਚੰਡੀਗੜ੍ਹ: ਸਾਲ 2023 ਵਿੱਚ ਆਈ ਅਤੇ ਸ਼ਾਹਰੁਖ ਖਾਨ ਸਟਾਰਰ ਬਾਲੀਵੁੱਡ ਦੀ ਸਫ਼ਲਤਮ ਫਿਲਮ 'ਜਵਾਨ' ਅਤੇ ਚਰਚਿਤ ਸੀਰੀਜ਼ 'ਮੇਡ ਇਨ ਹੈਵਨ' ਦੇ ਦੂਜੇ ਸੀਜ਼ਨ ਦਾ ਸ਼ਾਨਦਾਰ ਹਿੱਸਾ ਰਹੇ ਹਨ ਪ੍ਰਸਿੱਧ ਅਦਾਕਾਰ ਮਨਹਰ ਕੁਮਾਰ, ਜੋ ਨਿਰਦੇਸ਼ਕ ਦੇ ਤੌਰ 'ਤੇ ਵੀ ਹਿੰਦੀ ਸਿਨੇਮਾ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਹੇ ਹਨ।
"ਦਿ ਸਿਟੀ ਆਫ ਬਿਊਟੀਫੁੱਲ" ਦੇ 'ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ' ਦਾ ਉਚੇਚਾ ਹਿੱਸਾ ਬਣੇ ਇਸ ਹੋਣਹਾਰ ਅਦਾਕਾਰ ਅਤੇ ਨਿਰਦੇਸ਼ਕ ਨੇ ਈਟੀਵੀ ਭਾਰਤ ਨਾਲ ਉਚੇਚੀ ਗੱਲਬਾਤ ਕਰਦਿਆਂ ਕਿਹਾ ਕਿ ਖੇਤਰੀ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਿੱਚ ਵਿੱਢੀ ਗਈ ਇਹ ਸਿਨੇਵੇਸ਼ਚਰ ਲੜੀ ਅਹਿਮ ਭੂਮਿਕਾ ਨਿਭਾ ਰਹੀ ਹੈ, ਜਿਸ ਨਾਲ ਗਲੋਬਲੀ ਪੱਧਰ ਉਤੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਭਾਰਤੀ ਖਾਸ ਕਰ ਪੰਜਾਬੀ ਨੂੰ ਹੋਰ ਸੋਹਣੇ ਰੰਗ ਦੇਣ ਵਿੱਚ ਮਦਦ ਮਿਲੇਗੀ।
ਮੁੰਬਈ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਇਸ ਪ੍ਰਤਿਭਾਸ਼ਾਲੀ ਅਦਾਕਾਰ ਨੇ ਦੱਸਿਆ ਕਿ ਸਾਢੇ ਤਿੰਨ ਸਾਲ ਪਹਿਲਾਂ ਮੁੰਬਈ ਆਉਣ ਤੋਂ ਬਾਅਦ ਸ਼ਕੁਨ ਬੱਤਰਾ ਅਤੇ ਅਭਿਸ਼ੇਕ ਸ਼ਰਮਾ ਵਰਗੇ ਸ਼ਾਨਦਾਰ ਨਿਰਦੇਸ਼ਕਾਂ ਦਾ ਮਾਰਗ ਦਰਸ਼ਨ ਪ੍ਰਾਪਤ ਕਰਨਾ ਮੇਰੇ ਲਈ ਕਾਫ਼ੀ ਖੁਸ਼ਕਿਸਮਤ ਵਾਲੀ ਗੱਲ ਰਹੀ, ਜਿਨ੍ਹਾਂ ਨਾਲ ਕੰਮ ਕਰਨ ਨਾਲ ਅਦਾਕਾਰੀ ਦੇ ਹੁਨਰ ਨੂੰ ਹੋਰ ਪ੍ਰਪੱਕਤਾ ਦੇਣ ਵਿੱਚ ਮਦਦ ਮਿਲੀ।
ਵਪਾਰਕ ਅਤੇ ਆਫ-ਬੀਟ ਦੋਵਾਂ ਹੀ ਸਿਨੇਮਾ ਵਿਧਾਵਾਂ ਵਿੱਚ ਪ੍ਰਭਾਵ ਛੱਡ ਰਹੇ ਇਹ ਪ੍ਰਤਿਭਾਵਾਨ ਅਦਾਕਾਰ ਅਤੇ ਨਿਰਦੇਸ਼ਕ, ਜਿੰਨ੍ਹਾਂ ਅਨੁਸਾਰ ਉੱਤਰੀ ਭਾਰਤ ਖਾਸ ਕਰ ਚੰਡੀਗੜ੍ਹ ਵਿੱਚ ਉਕਤ ਉਪਰਾਲਿਆਂ ਨੂੰ ਏਨੇ ਵੱਡੇ ਪੱਧਰ ਉੱਪਰ ਅੰਜ਼ਾਮ ਦਿੱਤਾ ਜਾਣਾ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ, ਜਿਸ ਨਾਲ ਬਹੁ-ਭਾਸ਼ਾਈ ਸਿਨੇਮਾ ਦਾ ਤਾਂ ਵਿਸਥਾਰ ਹੋਵੇਗਾ ਹੀ, ਨਾਲ ਹੀ ਖੇਤਰੀ ਫਿਲਮ ਖਿੱਤੇ ਨਾਲ ਜੁੜੇ ਕਾਲਾਕਾਰਾਂ ਨੂੰ ਵੀ ਅਪਣੀ ਕਲਾ ਦੇ ਦਾਇਰੇ ਨੂੰ ਹੋਰ ਵਿਸਥਾਰ ਦੇਣ ਦੇ ਅਵਸਰ ਮੁਹੱਈਆਂ ਹੋਣਗੇ।
ਚੰਡੀਗੜ੍ਹ ਦੇ ਥੀਏਟਰ ਸਟੇਜ ਤੋਂ ਲੈ ਕੇ ਬਾਫਟਾ (ਬ੍ਰਿਟਿਸ਼ ਅਕੈਡਮੀ ਆਫ਼ ਫਿਲਮ ਐਂਡ ਟੈਲੀਵਿਜ਼ਨ ਆਰਟਸ) ਤੱਕ ਦਾ ਮਾਣਮੱਤਾ ਪੈਂਡਾ ਹੰਢਾਂ ਚੁੱਕੇ ਇਹ ਬਾਕਮਾਲ ਅਦਾਕਾਰ ਨੇ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਰੰਗਮੰਚ ਦੀ ਦੁਨੀਆਂ ਤੋਂ ਲੈ ਕੇ ਪੁਰਸਕਾਰ ਜੇਤੂ ਨਿਰਦੇਸ਼ਕ-ਅਦਾਕਾਰ ਤੱਕ ਦੀ ਉਨ੍ਹਾਂ ਦੀ ਯਾਤਰਾ ਕਾਫ਼ੀ ਰਚਨਾਤਮਕ ਰਹੀ ਹੈ।
ਦਿ ਨਾਈਟ ਆਫ਼ ਜਨਵਰੀ 16 (ਜੌਨ ਗ੍ਰਾਹਮ ਵਿਟਫੀਲਡ), ਦਿ ਮਾਊਸਟ੍ਰੈਪ (ਡਿਟੈਕਟਿਵ ਸਾਰਜੈਂਟ ਟ੍ਰੋਟਰ) ਅਤੇ 12 ਐਂਗਰੀ ਮੈਨ (ਜੂਰਰ ਨੰਬਰ 8) ਵਰਗੀਆਂ ਕਲਾਸਿਕ ਫਿਲਮਾਂ ਦਾ ਹਿੱਸਾ ਰਹੇ ਮਨਹਰ ਅਨੁਸਾਰ ਸਿਨੇਮਾ ਪ੍ਰਦਰਸ਼ਨ ਕਲਾਵਾਂ ਨਾਲ ਉਨ੍ਹਾਂ ਦਾ ਪਿਆਰ ਅੱਜ ਜਨੂੰਨੀਅਤ ਭਰਿਆ ਰੂਪ ਅਖ਼ਤਿਆਰ ਕਰ ਚੁੱਕਿਆ ਹੈ, ਜਿਸ ਦੀ ਹਰ ਗਹਿਰਾਈ ਅਤੇ ਵਿਧਾ ਦਾ ਉਹ ਭਰਪੂਰ ਅਨੰਦ ਮਾਣ ਰਹੇ ਹਨ।
ਇਹ ਵੀ ਪੜ੍ਹੋ:
- 10 ਮਿੰਟਾਂ ਤੱਕ ਜਲਿਆਂਵਾਲਾ ਬਾਗ 'ਚ ਹੁੰਦੀ ਰਹੀ ਭਿਆਨਕ ਗੋਲੀਬਾਰੀ, ਜਖ਼ਮੀ ਲੋਕਾਂ ਨੂੰ ਖਾ ਗਈਆਂ ਗਿਰਝਾਂ, ਰੌਂਗਟੇ ਖੜ੍ਹੇ ਕਰ ਦੇਵੇਗਾ ਫਿਲਮ 'ਕੇਸਰੀ 2' ਦਾ ਟੀਜ਼ਰ
- ਦਿਲ ਦੀ ਧੜਕਣ ਰੁਕ ਜਾਣ ਕਾਰਨ ਅੰਮ੍ਰਿਤਸਰ ਦੇ ਵੱਡੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪੰਜਾਬੀ ਸਿਨੇਮਾ ਨੂੰ ਦੇ ਚੁੱਕੇ ਨੇ ਕਈ ਹਿੱਟ ਫਿਲਮਾਂ
- ਡੇਟਿੰਗ ਦੀਆਂ ਅਫਵਾਹਾਂ 'ਤੇ ਇਸ ਪੰਜਾਬੀ ਹਸੀਨਾ ਅਤੇ ਮੁਹੰਮਦ ਸਿਰਾਜ ਨੇ ਤੋੜੀ ਚੁੱਪੀ, ਮਹੀਨਿਆਂ ਬਾਅਦ ਆਇਆ ਦੋਵਾਂ ਦਾ ਬਿਆਨ