ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਅਤੇ ਬਿਹਤਰੀਨ ਨਿਰਦੇਸ਼ਕ ਦੇ ਰੂਪ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਅਮਰਪ੍ਰੀਤ ਜੀਐਸ ਛਾਬੜਾ, ਜਿੰਨ੍ਹਾਂ ਵੱਲੋਂ ਆਪਣਾ 50ਵਾਂ ਜਨਮਦਿਨ ਮੁੰਬਈ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਰੀਬੀਆਂ ਨੇ ਸ਼ਿਰਕਤ ਕੀਤੀ।
ਇਸ ਸਮੇਂ ਸੈਲੀਬ੍ਰੇਸ਼ਨ ਪਾਰਟੀ ਦਾ ਹਿੱਸਾ ਬਣਨ ਵਾਲਿਆਂ ਵਿੱਚ ਨੌਜਵਾਨ ਫਿਲਮਕਾਰ ਕੇਨੀ ਛਾਬੜਾ ਵੀ ਸ਼ੁਮਾਰ ਹਨ, ਜੋ ਨਿਰਦੇਸ਼ਕ ਅਮਰਪ੍ਰੀਤ ਜੀਐਸ ਛਾਬੜਾ ਦੇ ਛੋਟੇ ਭਰਾ ਹੋਣ ਦੇ ਨਾਲ-ਨਾਲ ਨਿਰਦੇਸ਼ਕ ਦੇ ਰੂਪ ਵਿੱਚ ਪਾਲੀਵੁੱਡ ਵਿਚ ਮਜ਼ਬੂਤ ਪੈੜਾ ਸਿਰਜਦੇ ਜਾ ਰਹੇ ਹਨ ਅਤੇ ਕਈ ਮੰਨੋਰੰਜਕ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।
ਹਾਲ ਹੀ ਵਿੱਚ ਸੰਪੂਰਨ ਹੋਈ ਓਟੀਟੀ ਫਿਲਮ 'ਤੇਰਾ ਦਿੱਤਾ ਕਰਜ਼ ਦਾਤਿਆ ਦਾ' ਨਿਰਦੇਸ਼ਨ ਕਰਨ ਵਾਲੇ ਅਮਰਪ੍ਰੀਤ ਜੀਐਸ ਛਾਬੜਾ ਬਤੌਰ ਨਿਰਦੇਸ਼ਕ ਕਈ ਹੋਰ ਓਟੀਟੀ ਫਿਲਮਾਂ ਵੀ ਜਲਦ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਵਿੱਚ 'ਮਾਈ ਨੇਮ ਇਜ਼ ਏਕੇ 47' ਅਤੇ ਹਿਮਾਂਸ਼ੀ ਖੁਰਾਣਾ ਸਟਾਰਰ 'ਹਾਂ ਮੈਂ ਪਾਗਲ ਹਾਂ' ਆਦਿ ਸ਼ਾਮਿਲ ਹਨ, ਜੋ ਕੇਬਲਵਨ ਨੈੱਟਵਰਕ ਉਪਰ ਸਟ੍ਰੀਮ ਹੋਣਗੀਆਂ।
ਮੂਲ ਰੂਪ ਵਿੱਚ ਮੁੰਬਈ ਨਾਲ ਸੰਬੰਧਤ ਅਤੇ ਉੱਥੇ ਹੀ ਅਪਣੇ ਮੁੱਢਲੇ ਕਰੀਅਰ ਪੜਾਅ ਦਾ ਅਗਾਜ਼ ਕਰਨ ਵਾਲੇ ਇਹ ਹੋਣਹਾਰ ਨਿਰਦੇਸ਼ਕ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਫਿਲਮ ਉਦਯੋਗ ਵਿੱਚ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਦੁਆਰਾ ਨਿਰਦੇਸ਼ਿਤ ਫਿਲਮਾਂ ਵਿੱਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਸਟਾਰਰ 'ਹਨੀਮੂਨ' ਤੋਂ ਇਲਾਵਾ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵੀ ਸ਼ੁਮਾਰ ਰਹੀਆਂ ਹਨ।
ਕਲਰਜ਼ ਸ਼ੋਅ ਛੋਟੀ ਸਰਦਾਰਨੀ ਨਿਰਦੇਸ਼ਿਤ ਕਰ ਚੁੱਕੇ ਇਹ ਬਾਕਮਾਲ ਨਿਰਦੇਸ਼ਕ ਕਈ ਹੋਰ ਟੀਵੀ ਸੀਰੀਜ਼ ਦੇ ਨਿਰਦੇਸ਼ਨ ਨਾਲ ਵੀ ਜੁੜੇ ਰਹੇ ਹਨ, ਜਿੰਨ੍ਹਾਂ ਵਿਚੋਂ ਹੀ 'ਚਿੜੀਆਘਰ', 'ਦਾਸਤਾਨ ਏ ਮੁਹੱਬਤ: ਸਲੀਮ ਅਨਾਰਕਲੀ', 'ਚੰਦਰ ਸ਼ੇਖਰ' ਅਤੇ 'ਏਕ ਵੀਰ ਕੀ ਅਰਦਾਸ: ਵੀਰਾ' ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: