ਫਰੀਦਕੋਟ: ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਬੀ ਪਰਾਕ ਇੰਨੀ ਦਿਨੀ ਅਪਣੇ ਲਾਈਵ ਕੰਸਰਟ ਦੇ ਸਿਲਸਿਲੇ ਅਧੀਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰੇ 'ਤੇ ਪਹੁੰਚੇ ਹੋਏ ਹਨ। ਅੱਜ ਸ਼ਾਮ ਨੂੰ ਬੀ ਪਰਾਕ ਸਿਡਨੀ ਵਿਖੇ ਆਯੋਜਿਤ ਹੋਣ ਜਾ ਰਹੇ ਗ੍ਰੈਂਡ ਸ਼ੋਅ ਦਾ ਹਿੱਸਾ ਬਣਨਗੇ। ਹਿਲਸੋਂਗ ਕਨਵੈਨਸ਼ਨ ਸੈਂਟਰ ਸਿਡਨੀ ਵਿਖੇ ਅੱਜ ਸ਼ਾਮ 07 ਤੋਂ 10 ਵਜੇ ਤੱਕ ਆਯੋਜਿਤ ਕਰਵਾਏ ਜਾਣ ਵਾਲੇ ਇਸ ਗ੍ਰੈਂਡ ਕੰਸਰਟ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਆਉਣਗੇ। ਇਸ ਲਈ ਪ੍ਰਬੰਧਕਾਂ ਵੱਲੋ ਸ਼ਾਨਦਾਰ ਤਿਆਰੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਬਾਲੀਵੁੱਡ ਅਤੇ ਪਾਲੀਵੁੱਡ ਦੇ ਉਚ-ਕੋਟੀ ਗਾਇਕ ਅਤੇ ਸੰਗ਼ੀਤਕਾਰ ਵਜੋਂ ਬੀ ਪਰਾਕ ਇੰਨੀ ਦਿਨੀ ਸਭ ਤੋਂ ਮਹਿੰਗੇ ਗਾਇਕ ਅਤੇ ਸੰਗੀਤਕਾਰ ਵਜੋਂ ਆਪਣੀ ਮੌਜ਼ੂਦਗੀ ਦਾ ਇਜਹਾਰ ਸਿਨੇਮਾਂ ਅਤੇ ਸੰਗੀਤ ਗਲਿਆਰਿਆ ਵਿੱਚ ਕਰਵਾ ਰਹੇ ਹਨ, ਜੋ ਫ਼ਿਲਮੀ ਅਤੇ ਗੈਰ ਫਿਲਮੀ ਗਾਇਨ ਨੂੰ ਖੁਦ ਸਫਲਤਾਪੂਰਵਕ ਅੰਜ਼ਾਮ ਦੇਣ ਦੇ ਨਾਲ-ਨਾਲ ਹੋਰਨਾ ਵੱਡੇ ਹਿੰਦੀ ਅਤੇ ਪੰਜਾਬੀ ਗਾਇਕਾਂ ਦੇ ਮਿਊਜ਼ਿਕਾਂ ਨੂੰ ਵੀ ਕੰਪੋਜ਼ ਕਰਨ ਵਿੱਚ ਵੀ ਸ਼ਾਨਦਾਰ ਭੂਮਿਕਾ ਨਿਭਾ ਰਹੇ ਹਨ।
ਹਾਲ ਹੀ ਵਿੱਚ ਜਾਰੀ ਹੋਏ ਆਪਣੇ ਕਈ ਫ਼ਿਲਮੀ ਗਾਣਿਆ ਨਾਲ ਸਫਲਤਾ ਹਾਸਿਲ ਕਰ ਚੁੱਕੇ ਬੀ ਪਰਾਕ ਸਟੇਜ ਸ਼ੋਅ ਦੀ ਦੁਨੀਆਂ ਵਿੱਚ ਵੀ ਚਾਰੇ ਪਾਸੇ ਧੁੰਮਾ ਪਾ ਰਹੇ ਹਨ। ਗਾਇਕ ਬੀ ਪਰਾਕ ਦੀ ਦੇਸ਼ ਅਤੇ ਵਿਦੇਸ਼ ਵਿੱਚ ਵੱਧ ਰਹੀ ਮੰਗ ਅਤੇ ਹਰਮਨ ਪਿਆਰਤਾ ਦਾ ਅਹਿਸਾਸ ਕਰਵਾਉਣ ਜਾ ਰਹੇ ਅੱਜ ਸਮੇਤ ਅਗਲੇ ਦਿਨੀ ਹੋਣ ਜਾ ਰਹੇ ਕਈ ਗ੍ਰੈਂਡ ਸ਼ੋਅ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ।
ਮੂਲ ਰੂਪ ਵਿੱਚ ਚੰਡੀਗੜ੍ਹ ਨਾਲ ਸਬੰਧਤ ਹੋਣਹਾਰ ਗਾਇਕ ਅਤੇ ਸੰਗੀਤਕਾਰ ਬੀ ਪਰਾਕ ਨੇ ਅਪਣੇ ਸੰਗੀਤਕ ਕਰਿਅਰ ਦਾ ਆਗਾਜ਼ ਬਤੌਰ ਸੰਗੀਤ ਨਿਰਮਾਤਾ ਵਜੋ ਕੀਤਾ ਸੀ। ਅਪਣੀ ਮਿਹਨਤ ਅਤੇ ਕਾਬਲੀਅਤ ਦੀ ਬਦੌਲਤ ਅੱਜ ਉਹ ਚੋਟੀ ਦੇ ਗਾਇਕ ਅਤੇ ਸੰਗੀਤਕਾਰ ਵਜੋ ਅਪਣਾ ਵਜੂਦ ਕਾਇਮ ਕਰ ਚੁੱਕੇ ਹਨ। ਬੀ ਪਰਾਕ ਰਾਸ਼ਟਰੀ ਫਿਲਮ ਅਵਾਰਡ ਸਮੇਤ 2 ਫਿਲਮਫੇਅਰ ਅਵਾਰਡ ਵੀ ਅਪਣੀ ਝੋਲੀ ਪਾ ਚੁੱਕੇ ਹਨ। ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵਧ ਰਹੇ ਇਹ ਬਾਕਮਾਲ ਗਾਇਕ ਅਤੇ ਸੰਗੀਤਕਾਰ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਫ਼ਿਲਮੀ ਅਤੇ ਗੈਰ ਫ਼ਿਲਮੀ ਗਾਣਿਆ ਦੁਆਰਾ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ।