ਚੰਡੀਗੜ੍ਹ: ਦ੍ਰਿੜ ਇਰਾਦਿਆਂ ਦੇ ਨਾਲ ਕੀਤੀ ਮਿਹਨਤ ਕਦੇ ਨਾ ਕਦੇ ਰੰਗ ਜ਼ਰੂਰ ਵਿਖਾਉਂਦੀ ਹੈ, ਕੁਝ ਇਸੇ ਤਰ੍ਹਾਂ ਦੇ ਜਜ਼ਬਾਤਾਂ ਨੂੰ ਪ੍ਰਤੀਬਿੰਬ ਕਰਦੀ ਨਵੇਂ ਉਦਾਹਰਣ ਬਣ ਕੇ ਸਾਹਮਣੇ ਆਏ ਹਨ ਐਮੀ ਵਿਰਕ ਦੇ ਡੁਪਲੀਕੇਟ ਨਿਹਾਲ ਸਿੰਘ, ਜਿੰਨ੍ਹਾਂ ਨੂੰ ਵੱਡੀ ਪਾਲੀਵੁੱਡ ਬ੍ਰੇਕ ਮਿਲੀ ਹੈ, ਜੋ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਿਸਟਰ ਐਂਡ ਮਿਸਿਜ਼ ਅਗੇਨ' ਨਾਲ ਸਿਲਵਰ ਸਕਰੀਨ ਉਪਰ ਸ਼ਾਨਦਾਰ ਡੈਬਿਊ ਕਰਨਗੇ।
ਰਾਜਸਥਾਨ ਦੇ ਸ਼੍ਰੀ ਗੰਗਾਨਗਰ ਨਾਲ ਸੰਬੰਧਤ ਇਹ ਹੋਣਹਾਰ ਨੌਜਵਾਨ ਬਹੁਤ ਥੋੜੇ ਜਿਹੇ ਸਮੇਂ ਵਿੱਚ ਦੁਨੀਆ ਭਰ ਦੇ ਕਲਾ ਅਤੇ ਸਮਾਜਿਕ ਗਲਿਆਰਿਆਂ ਵਿੱਚ ਮਿਹਨਤੀ ਕਿਰਤੀ ਦੇ ਰੂਪ ਵਿੱਚ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ, ਜਿਸ ਦੀ ਸੂਰਤ, ਕੱਦਕਾਠ ਅਤੇ ਅਵਾਜ਼ ਦਾ ਐਮੀ ਵਿਰਕ ਨਾਲ ਮੇਲ ਖਾਣਾ ਉਸ ਲਈ ਸੋਨੇ ਉਤੇ ਸੁਹਾਗੇ ਵਾਂਗ ਸਾਬਿਤ ਹੋ ਰਿਹਾ ਹੈ।
ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਅਤੇ ਹਾਈਵੇ ਸੜਕ ਕਿਨਾਰੇ ਗੰਨੇ ਦਾ ਜੂਸ ਵੇਚਣ ਵਾਲੇ ਇਸ ਨੌਜਵਾਨ ਦੇ ਸੋਸ਼ਲ ਪਲੇਟਫਾਰਮ ਉਪਰ ਵਾਇਰਲ ਹੋ ਜਾਣ ਨੇ ਉਸ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਹੈ, ਜਿਸ ਕੋਲ ਜੂਸ ਪੀਣ ਵਾਲਿਆ ਅਤੇ ਰੀਲਾਂ ਬਣਾਉਣ ਵਾਲਿਆ ਦਾ ਇੱਕਠ ਦਿਨ-ਬ-ਦਿਨ ਲਗਾਤਾਰ ਹੋਰ ਵੱਧਦਾ ਜਾ ਰਿਹਾ ਹੈ।
ਰਾਜਸਥਾਨ ਦਾ ਨਾਂਅ ਚਮਕਾਉਣ ਵਾਲੇ ਇੱਕ ਹੋਰ ਪੰਜਾਬੀ ਵਜੋਂ ਸਾਹਮਣੇ ਆਉਣ ਵਾਲੇ ਇਸ ਨੌਜਵਾਨ ਦੀ ਵੱਧ ਰਹੀ ਪ੍ਰਸਿੱਧੀ ਨੇ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਜੱਸੀ ਗਿੱਲ ਅਤੇ ਜਗਜੀਤ ਸੰਧੂ ਸਟਾਰਰ ਉਕਤ ਫਿਲਮ ਦਾ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ, ਜੋ ਇਸ ਬਹੁ-ਚਰਚਿਤ ਫਿਲਮ ਅਤੇ ਇਸ ਵਿਚਲੇ ਰੋਲ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਿਹਾ ਹੈ।
'ਫਰਾਈਡੇ ਰਸ਼ ਮੋਸ਼ਨ ਪਿਕਚਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਸੀਕਵਲ ਫਿਲਮ ਦਾ ਲੇਖਣ ਨਰੇਸ਼ ਕਥੂਰੀਆ ਜਦਕਿ ਨਿਰਦੇਸ਼ਨ ਸ਼ਿਤਿਜ ਚੌਧਰੀ ਦੁਆਰਾ ਕੀਤਾ ਗਿਆ ਹੈ। ਪਾਲੀਵੁੱਡ ਨਿਰਮਾਤਾਰੀ ਰੁਪਾਲੀ ਗੁਪਤਾ ਵੱਲੋਂ ਨਿਰਮਿਤ ਕੀਤੀ ਗਈ ਇਸ ਕਾਮੇਡੀ-ਡ੍ਰਾਮੈਟਿਕ ਕਹਾਣੀਸਾਰ ਅਧਾਰਿਤ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਜੱਸੀ ਗਿੱਲ, ਜਗਜੀਤ ਸੰਧੂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮੋਨਿਕਾ ਸ਼ਰਮਾ, ਦੀਪਾਲੀ ਰਾਜਪੂਤ, ਗੁਰਮੀਤ ਸਾਜਨ ਅਤੇ ਗੁਰਪ੍ਰੀਤ ਤੋਤੀ, ਸੰਜੂ ਸੋਲੰਕੀ ਅਤੇ ਜਪਨੀਤ ਕੌਰ ਸ਼ੁਮਾਰ ਹਨ।
ਇਹ ਵੀ ਪੜ੍ਹੋ: