ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਨਾਲ-ਨਾਲ ਸਿਨੇਮਾ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੀ ਹੈ ਅਜ਼ੀਮ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ, ਜਿੰਨ੍ਹਾਂ ਨੂੰ ਆਉਣ ਵਾਲੀ ਪੰਜਾਬੀ ਫਿਲਮ 'ਦੂਜਾ ਰੱਬ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਦੀ ਇਹ ਅਰਥ-ਭਰਪੂਰ ਫਿਲਮ ਰਸਮੀ ਮਹੂਰਤ ਉਪਰੰਤ ਸੈੱਟ ਉਤੇ ਪੁੱਜ ਗਈ ਹੈ।
'ਢੱਕ ਮਿਊਜ਼ਿਕ' ਅਤੇ 'ਫਿਲਮ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਪ੍ਰਭਾਵਪੂਰਨ ਫਿਲਮ ਦਾ ਨਿਰਮਾਣ ਸਰਬਜੀਤ ਸਿੰਘ ਢੱਕ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਕਮਲਜੀਤ ਸਿੰਘ ਸੰਭਾਲ ਰਹੇ ਹਨ, ਜੋ ਅਪਣੀ ਇਸ ਅਹਿਮ ਡਾਇਰੈਕਟੋਰੀਅਲ ਫਿਲਮ ਨਾਲ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਸ਼ਾਨਦਾਰ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

ਪਰਿਵਾਰਿਕ ਅਤੇ ਮਨ ਨੂੰ ਛੂਹ ਜਾਣ ਵਾਲੇ ਕਹਾਣੀਸਾਰ ਅਧਾਰਿਤ ਉਕਤ ਫਿਲਮ ਦੇ ਸਿਨੇਮਾਟੋਗ੍ਰਾਫ਼ਰੀ ਪੱਖ ਸੰਨੀ ਕੇ ਕੈਮ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਫਿਲਮਾਂ ਨੂੰ ਕੈਮਰਾਮੈਨ ਦੇ ਤੌਰ ਉਤੇ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪੰਜਾਬ ਤੋਂ ਇਲਾਵਾ ਵਿਦੇਸ਼ੀ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਇਮੋਸ਼ਨਲ ਪੰਜਾਬੀ ਫਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਭੂਮਿਕਾ ਅਦਾ ਕਰਦੇ ਨਜ਼ਰੀ ਪੈਣਗੇ ਅਦਾਕਾਰਾ ਅਮਰ ਨੂਰੀ, ਜੋ ਲੰਮੇਂ ਵਕਫ਼ੇ ਬਾਅਦ ਸਿਨੇਮਾ ਦਰਸ਼ਕਾਂ ਅਤੇ ਅਪਣੀ ਕਲਾ ਨੂੰ ਪਿਆਰ ਸਨੇਹ ਦੇਣ ਵਾਲਿਆਂ ਦੇ ਸਨਮੁੱਖ ਹੋਣਗੇ।

ਹਾਲ ਹੀ ਦੇ ਸਮੇਂ ਦੌਰਾਨ ਰਿਲੀਜ਼ ਹੋਈਆਂ ਕਈ ਭਾਵਪੂਰਨ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਪ੍ਰਭਾਵੀ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੀ ਹੈ ਇਹ ਬਾਕਮਾਲ ਅਦਾਕਾਰਾ, ਜਿੰਨ੍ਹਾਂ ਵਿੱਚ 'ਪਿੰਡ ਅਮਰੀਕਾ' ਅਤੇ 'ਉਡੀਕਾਂ ਤੇਰੀਆਂ' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਦੁਆਰਾ ਨਿਭਾਏ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਹੈ।
ਪਾਲੀਵੁੱਡ ਦੇ ਨਾਲ-ਨਾਲ ਟੈਲੀਵਿਜ਼ਨ ਅਤੇ ਪੰਜਾਬੀ ਚੈੱਨਲਸ ਦੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸਿੰਗਿਗ ਰਿਐਲਟੀ ਸ਼ੋਅਜ਼ ਵਿੱਚ ਵੀ ਬਰਾਬਰਤਾ ਨਾਲ ਮੌਜ਼ੂਦਗੀ ਦਰਜ ਕਰਵਾ ਰਹੇ ਹਨ ਅਦਾਕਾਰਾ ਅਮਰ ਨੂਰੀ, ਜੋ ਅਪਣੀ ਉਕਤ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: