ਚੰਡੀਗੜ੍ਹ: ਅਕਸ਼ੈ ਕੁਮਾਰ, ਆਰ ਮਾਧਵਨ ਅਤੇ ਅਨੰਨਿਆ ਪਾਂਡੇ ਸਟਾਰਰ ਫਿਲਮ 'ਕੇਸਰੀ 2' 18 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਕਿ ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਕੋਰਟ ਰੂਮ ਡਰਾਮੇ ਰਾਹੀਂ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਿਤਾਰੇ ਇਸ ਫਿਲਮ ਦਾ ਬਹੁਤ ਉਤਸ਼ਾਹ ਨਾਲ ਪ੍ਰਚਾਰ ਕਰ ਰਹੇ ਹਨ।
ਹੁਣ ਹਾਲ ਹੀ ਵਿੱਚ ਅਦਾਕਾਰ ਅਕਸ਼ੈ ਕੁਮਾਰ ਨੇ ਪੂਰੀ ਸਟਾਰ ਕਾਸਟ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਜਿਸ ਤੋਂ ਬਾਅਦ ਫਿਲਮ ਦੀ ਟੀਮ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਅਕਸ਼ੈ ਕੁਮਾਰ ਨੇ ਪੰਜਾਬ ਅਤੇ ਪੰਜਾਬੀਆਂ ਬਾਰੇ ਕਾਫੀ ਖਾਸ ਗੱਲਾਂ ਕੀਤੀਆਂ।
ਅਦਾਕਾਰ ਨੇ ਕਿਹਾ, 'ਪੰਜਾਬ ਨਾਲ ਤਾਂ ਮੇਰਾ ਸਾਰਾ ਨਾਤਾ ਜੁੜਿਆ ਹੋਇਆ ਹੈ, ਮੇਰੇ ਵਾਸਤੇ ਸਿੰਗ ਇਜ਼ ਕਿੰਗ, ਮੇਰੇ ਕੋਲ ਪੰਜਾਬ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ, ਮੇਰਾ ਮਨ ਕਰਦਾ ਅਗਲੇ ਜਨਮ ਵਿੱਚ ਵੀ ਮੈਂ ਅਦਾਕਾਰ ਹੋਵਾਂ ਅਤੇ ਮੈਂ ਪੰਜਾਬ ਉਤੇ ਫਿਲਮਾਂ ਬਣਾਵਾਂ।'
ਉਲੇਖਯੋਗ ਹੈ ਕਿ ਅਕਸ਼ੈ ਕੁਮਾਰ ਨੇ ਫਿਲਮ 'ਕੇਸਰੀ 2' ਵਿੱਚ ਸਰ ਸੀ ਸ਼ੰਕਰਨ ਨਾਇਰ ਦੀ ਭੂਮਿਕਾ ਨਿਭਾਈ ਹੈ। ਜੋ ਇੱਕ ਨਾਗਰਿਕ ਅਧਿਕਾਰਾਂ ਦੇ ਵਕੀਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਸਨ। ਉਹ ਇੱਕ ਮਹੱਤਵਪੂਰਨ ਵਿਅਕਤੀ ਸਨ, ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਨੂੰ ਚੁਣੌਤੀ ਦਿੱਤੀ ਸੀ। ਇਹ ਫਿਲਮ 18 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।
ਇਸ ਦੌਰਾਨ ਜੇਕਰ ਅਕਸ਼ੈ ਕੁਮਾਰ ਦੇ ਵਰਕਫਰੰਟ ਦੀ ਗੱਲ਼ ਕਰੀਏ ਤਾਂ ਅਦਾਕਾਰ ਜਲਦ 'ਹੇਰਾ ਫੇਰੀ 3' ਅਤੇ 'ਹਾਊਸਫੁੱਲ 5' ਵਿੱਚ ਨਜ਼ਰ ਆਉਣਗੇ। ਉਹ 'ਜੌਲੀ ਐਲਐਲਬੀ 3' ਵਿੱਚ ਵੀ ਨਜ਼ਰ ਆਉਣਗੇ।
ਇਹ ਵੀ ਪੜ੍ਹੋ: