ਹੁਬਲੀ: ਕਰਨਾਟਕ ਦੇ ਹੁਬਲੀ ਵਿੱਚ ਇੱਕ ਪੰਜ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਕਤਲ ਕਰਨ ਦਾ ਮੁਲਜ਼ਮ ਐਤਵਾਰ ਨੂੰ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਮ੍ਰਿਤਕ ਮੁਲਜ਼ਮ ਦੀ ਪਛਾਣ ਰਕਸ਼ਿਤ ਕ੍ਰਾਂਤੀ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਸੀ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅਸ਼ੋਕ ਨਗਰ ਪੁਲਿਸ ਸਟੇਸ਼ਨ ਦੀ ਹੱਦ ਅੰਦਰ ਵਾਪਰੀ ਅਤੇ ਲੜਕੀ ਦੀ ਲਾਸ਼ ਇੱਕ ਖਾਲੀ ਇਮਾਰਤ ਵਿੱਚੋਂ ਮਿਲੀ।
ਲੜਕੀ ਦੇ ਜਿਨਸੀ ਸ਼ੋਸ਼ਣ ਦੀ ਵੀ ਗੱਲ ਹੈ, ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਜਾਂਚ ਚੱਲ ਰਹੀ ਹੈ।
ਇਸ ਦੇ ਨਾਲ ਹੀ ਲੜਕੀ ਦੇ ਕਤਲ ਤੋਂ ਨਾਰਾਜ਼ ਲੋਕ ਵੱਡੀ ਗਿਣਤੀ ਵਿੱਚ ਅਸ਼ੋਕ ਨਗਰ ਪੁਲਿਸ ਸਟੇਸ਼ਨ ਦੇ ਸਾਹਮਣੇ ਇਕੱਠੇ ਹੋਏ ਅਤੇ ਇਨਸਾਫ਼ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪੁਲਿਸ ਨੂੰ ਆਪਣਾ ਕੰਮ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ।
ਲੜਕੀ ਦੇ ਕਤਲ ਤੋਂ ਤੁਰੰਤ ਬਾਅਦ ਹੁਬਲੀ-ਧਾਰਵਾੜ ਪੁਲਿਸ ਕਮਿਸ਼ਨਰ ਐਨ ਸ਼ਸ਼ੀ ਕੁਮਾਰ ਨੇ ਮੀਡੀਆ ਨੂੰ ਦੱਸਿਆ "ਲੜਕੀ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦਾ ਪਰਿਵਾਰ ਕੋਪਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਦੀ ਮਾਂ ਘਰੇਲੂ ਨੌਕਰਾਣੀ ਅਤੇ ਬਿਊਟੀ ਪਾਰਲਰ ਸਹਾਇਕ ਵਜੋਂ ਕੰਮ ਕਰਦੀ ਹੈ ਅਤੇ ਉਸ ਦੇ ਪਿਤਾ ਪੇਂਟਰ ਵਜੋਂ ਕੰਮ ਕਰਦੇ ਹਨ।
ਇਮਾਰਤ ਦੇ ਬਾਥਰੂਮ ਵਿੱਚੋਂ ਮਿਲੀ ਲਾਸ਼
ਉਨ੍ਹਾਂ ਕਿਹਾ "ਮਾਂ ਆਪਣੀ ਧੀ ਨੂੰ ਕੰਮ 'ਤੇ ਨਾਲ ਲੈ ਗਈ ਸੀ ਕਿਉਂਕਿ ਉਹ ਇਲਾਕੇ ਦੇ ਘਰਾਂ ਵਿੱਚ ਕੰਮ ਕਰ ਰਹੀ ਸੀ। ਇੱਕ ਅਣਜਾਣ ਵਿਅਕਤੀ ਉੱਥੋਂ ਕੁੜੀ ਨੂੰ ਚੁੱਕ ਕੇ ਲੈ ਗਿਆ। ਭਾਲ ਕਰਨ 'ਤੇ, ਕੁੜੀ ਘਰ ਦੇ ਸਾਹਮਣੇ ਇੱਕ ਛੋਟੀ ਜਿਹੀ ਇਮਾਰਤ ਦੇ ਬਾਥਰੂਮ ਵਿੱਚ ਮਿਲੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਫੜ ਲਿਆ ਜਾਵੇਗਾ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਵਾਰ ਮੁਲਜ਼ਮ ਦੀ ਪਛਾਣ ਹੋ ਜਾਣ 'ਤੇ, ਉਸ ਦੇ ਠਿਕਾਣੇ ਅਤੇ ਹੋਰ ਵੇਰਵਿਆਂ ਦਾ ਪਤਾ ਲਗਾਇਆ ਜਾਵੇਗਾ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਇਹ ਪੁੱਛੇ ਜਾਣ 'ਤੇ ਕਿ ਕੀ ਜਿਨਸੀ ਹਮਲਾ ਹੋਇਆ ਹੈ ਉਨ੍ਹਾਂ ਕਿਹਾ, "ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਮੌਤ ਦਾ ਕਾਰਨ, ਕੀ ਲੜਕੀ 'ਤੇ ਕਿਸੇ ਵੀ ਤਰ੍ਹਾਂ ਹਮਲਾ ਹੋਇਆ ਸੀ, ਇਸ ਸਭ ਦੀ ਪੁਸ਼ਟੀ ਕੀਤੀ ਜਾਵੇਗੀ।