ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਨਾਲ-ਨਾਲ ਬਿਹਾਰ, ਛੱਤੀਸਗੜ੍ਹ ਅਤੇ ਝਾਰਖੰਡ ਦੀ ਰਾਜ ਪੁਲਿਸ ਨੂੰ ਤਿੰਨਾਂ ਰਾਜਾਂ ਵਿੱਚ ਵੱਖ-ਵੱਖ ਥਾਵਾਂ 'ਤੇ ਛੁਪੇ ਹੋਏ ਵਿਸਫੋਟਕ ਯੰਤਰਾਂ (ਆਈਈਡੀ) ਬਾਰੇ ਅਲਰਟ ਜਾਰੀ ਕੀਤਾ ਹੈ। ਐਨਆਈਏ ਨੂੰ ਇਹ ਜਾਣਕਾਰੀ ਮਾਓਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਕਈ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮਿਲੀ ਹੈ।
ਪਿਛਲੇ ਮੰਗਲਵਾਰ ਨੂੰ ਐਨਆਈਏ ਨੇ ਬਿਹਾਰ ਦੇ ਦੂਰ-ਦੁਰਾਡੇ ਇਲਾਕਿਆਂ ਤੋਂ 3 ਕਿਲੋਗ੍ਰਾਮ ਭਾਰ ਦੇ ਦੋ ਆਈਈਡੀ ਬਰਾਮਦ ਕੀਤੇ ਸਨ। ਸੋਮਵਾਰ ਨੂੰ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ, "ਸਾਨੂੰ ਰਾਜ ਵਿੱਚ ਵੱਖ-ਵੱਖ ਥਾਵਾਂ ਤੋਂ ਹੋਰ ਲੁਕੇ ਹੋਏ ਆਈਈਡੀ ਲੱਭਣ ਦੀ ਉਮੀਦ ਹੈ।" ਅਧਿਕਾਰੀ ਦੇ ਅਨੁਸਾਰ, ਚੁੰਕੀ ਸੁਰੱਖਿਆ ਏਜੰਸੀਆਂ ਮਾਓਵਾਦੀ ਪ੍ਰਭਾਵਿਤ ਰਾਜਾਂ ਵਿੱਚ ਮਾਓਵਾਦੀਆਂ ਨੂੰ ਉਨ੍ਹਾਂ ਦੇ ਗੜ੍ਹਾਂ ਵਿੱਚ ਨਿਸ਼ਾਨਾ ਬਣਾ ਰਹੀਆਂ ਹਨ, ਇਸ ਲਈ ਮਾਓਵਾਦੀ ਆਪਣੀ ਤਾਕਤ ਦਿਖਾਉਣ ਲਈ ਆਈਈਡੀ ਧਮਾਕਿਆਂ ਦੁਆਰਾ ਭੰਨਤੋੜ ਕਰਨ ਦੀ ਕੋਸ਼ਿਸ਼ ਕਰਨਗੇ।
ਗ੍ਰਿਫਤਾਰ ਕੀਤੇ ਮਾਓਵਾਦੀਆਂ ਅਤੇ ਸਮਰਥਕਾਂ ਤੋਂ ਪੁੱਛਗਿੱਛ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਨੇ ਦੱਸਿਆ ਕਿ ਵੱਡੇ ਪੱਧਰ 'ਤੇ ਮਾਓਵਾਦੀ ਵਿਰੋਧੀ ਕਾਰਵਾਈ ਦੇ ਕਾਰਨ, ਅੱਤਵਾਦੀਆਂ ਲਈ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਸੁਰੱਖਿਆ ਬਲਾਂ 'ਤੇ ਹਮਲਾ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਉਹ ਯਕੀਨੀ ਤੌਰ 'ਤੇ ਵੱਖ-ਵੱਖ ਥਾਵਾਂ 'ਤੇ ਆਈਈਡੀ ਲਗਾਉਣ ਦੀ ਕੋਸ਼ਿਸ਼ ਕਰਨਗੇ।"ਅਧਿਕਾਰੀ ਨੇ ਕਿਹਾ ਸਾਡਾ ਮੰਨਣਾ ਹੈ ਕਿ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਮਾਓਵਾਦੀਆਂ ਨੇ ਆਈਈਡੀ ਲਗਾਏ ਹੋ ਸਕਦੇ ਹਨ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਮਾਓਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਝਾਰਖੰਡ ਦੇ ਚਾਈਬਾਸਾ ਦੇ ਸਾਰੰਡਾ ਜੰਗਲਾਂ ਵਿੱਚ ਕਈ ਆਈਈਡੀ ਲਗਾਏ ਹਨ।
ਪਿਛਲੇ ਸਾਲ ਮਾਰਚ ਵਿੱਚ ਛੱਤੀਸਗੜ੍ਹ ਵਿੱਚ ਸੀਆਰਪੀਐਫ ਅਤੇ ਰਾਜ ਪੁਲਿਸ ਦੀ ਇੱਕ ਸਾਂਝੀ ਟੀਮ ਨੇ 96 ਆਈਈਡੀ, 348 ਡੈਟੋਨੇਟਰ, 29.3 ਕਿਲੋਗ੍ਰਾਮ ਵਿਸਫੋਟਕ ਅਤੇ ਦੋ ਜੈਲੇਟਿਨ ਸਟਿਕਸ ਬਰਾਮਦ ਕੀਤੀਆਂ ਸਨ। ਇਸ ਸਾਲ ਜਨਵਰੀ ਵਿੱਚ, ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਮਾਓਵਾਦੀਆਂ ਦੁਆਰਾ ਕੀਤੇ ਗਏ ਇੱਕ ਆਈਈਡੀ ਧਮਾਕੇ ਵਿੱਚ ਅੱਠ ਸੁਰੱਖਿਆ ਕਰਮਚਾਰੀ ਅਤੇ ਇੱਕ ਨਾਗਰਿਕ ਮਾਰੇ ਗਏ ਸਨ।
ਪਿਛਲੇ ਮਹੀਨੇ, ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ ਸਪੈਸ਼ਲ ਟਾਸਕ ਫੋਰਸ ਦੇ ਜਵਾਨਾਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ 'ਤੇ ਇੱਕ ਸ਼ਕਤੀਸ਼ਾਲੀ ਆਈਈਡੀ ਧਮਾਕੇ ਤੋਂ ਬਾਅਦ ਮਾਓਵਾਦੀਆਂ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਦੋ ਸੁਰੱਖਿਆ ਕਰਮਚਾਰੀ ਅਤੇ ਇੱਕ ਨਾਗਰਿਕ ਡਰਾਈਵਰ ਜ਼ਖਮੀ ਹੋ ਗਏ। 2023 ਵਿੱਚ, ਦਾਂਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਖੇਤਰ ਵਿੱਚ ਮਾਓਵਾਦੀਆਂ ਦੁਆਰਾ ਕੀਤੇ ਗਏ ਆਈਈਡੀ ਧਮਾਕਿਆਂ ਵਿੱਚ 10 ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਕਰਮਚਾਰੀ ਅਤੇ ਇੱਕ ਨਾਗਰਿਕ ਡਰਾਈਵਰ ਮਾਰੇ ਗਏ ਸਨ।