ਉਡੀਸਾ/ਕਟਕ: ਜਦੋਂ ਪੰਛੀ ਪ੍ਰੇਮੀ ਕਾਨਹੂ ਬੇਹਰਾ ਚਾਰੇ ਨਾਲ ਭਰੀ ਥੈਲੀ ਲੈ ਕੇ ਸਨਾ ਮੁੰਡਲੀ ਦੇ ਜੰਗਲਾਂ ਵਿੱਚ ਪਹੁੰਚਦਾ ਹੈ, ਤਾਂ ਉਹ ਬਸ ਆਪਣਾ ਹੱਥ ਵਧਾਉਂਦਾ ਹੈ ਅਤੇ ਪੁਕਾਰਦਾ ਹੈ, 'ਆਆ...ਆ ਰਾਜਾ ਆ...' ਸਿਰਫ਼ ਇਸ ਪੁਕਾਰ ਨਾਲ, 200 ਤੋਂ ਵੱਧ ਮੋਰ ਆਪਣੇ ਚਮਕਦਾਰ ਖੰਭ ਫੜਫੜਾਉਂਦੇ ਹੋਏ ਉਸ ਵੱਲ ਭੱਜਦੇ ਹੋਏ ਆਉਂਦੇ ਹਨ। ਇਹ ਇੱਕ ਅਜਿਹਾ ਦ੍ਰਿਸ਼ ਹੈ ਜੋ ਹਰ ਰੋਜ਼ ਦੋ ਵਾਰ ਹੁੰਦਾ ਹੈ, ਇੱਕ ਵਾਰ ਸਵੇਰੇ ਅਤੇ ਇੱਕ ਵਾਰ ਦੁਪਹਿਰ ਸਮੇਂ, ਕਿਉਂਕਿ ਇਹ ਦੋ ਟਾਇਮ ਇਨ੍ਹਾਂ ਨੂੰ ਦਾਣਾ ਪਾਇਆ ਜਾਂਦਾ ਹੈ।

ਕੁਝ ਪੰਛੀ ਕਾਨਹੂ ਬੇਹਰਾ ਦੇ ਹੱਥਾਂ ਦੇ ਦਾਣਿਆਂ ਨੂੰ ਚੁਗਦੇ ਹਨ, ਜਦੋਂ ਕਿ ਕੁਝ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਇੱਕ ਜਾਂ ਦੋ ਪੰਛੀ ਤਾਂ ਕਾਨਹੂ ਦੇ ਮੋਢਿਆਂ 'ਤੇ ਵੀ ਬੈਠਦੇ ਹਨ। ਮੋਰ ਕਾਨਹੂ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਨ ਜਿਵੇਂ ਉਨ੍ਹਾਂ ਨੇ ਦਹਾਕਿਆਂ ਪਹਿਲਾਂ ਉਸ ਦੇ ਦਾਦਾ ਪਾਨੂ ਬੇਹਰਾ ਨਾਲ ਪਿਆਰ ਦਿਖਾਉਂਦੇ ਸੀ। ਪਾਨੂ ਅਤੇ ਮੋਰ ਵਿਚਕਾਰ ਪ੍ਰੇਮ ਕਹਾਣੀ 1999 ਦੇ ਸੁਪਰ ਸਾਈਕਲੋਨ ਤੋਂ ਸ਼ੁਰੂ ਹੁੰਦੀ ਹੈ, ਜਦੋਂ ਤਿੰਨ ਪੰਛੀ - ਇੱਕ ਨਰ ਅਤੇ ਦੋ ਮਾਦਾ - ਜ਼ਖਮੀ ਹੋ ਕੇ ਜੰਗਲ ਵਿੱਚ ਭੋਜਨ ਦੀ ਤਲਾਸ਼ ਵਿੱਚ ਨਾਲ ਦੇ ਜੰਗਲ ਦੇ ਬਾਹਰ ਨਿਕਲ ਆਏ ਸੀ।
ਪਾਨੂ ਨਾਲ ਇੱਕ ਸੰਯੋਗ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਨੇ ਜ਼ਿੰਦਗੀ ਭਰ ਲਈ ਇੱਕ ਪਰਿਵਾਰ ਨਾਲ ਜੋੜ ਦਿੱਤਾ। ਪਾਨੂ ਨੇ ਉਨ੍ਹਾਂ ਦੀ ਦੇਖਭਾਲ ਅਤੇ ਇਲਾਜ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਹੌਲੀ-ਹੌਲੀ, ਜਦੋਂ ਮੋਰ ਠੀਕ ਹੋ ਗਏ, ਤਾਂ ਉਸ ਨੇ ਤਿੰਨਾਂ ਨੂੰ ਜੰਗਲ ਵਿੱਚ ਛੱਡ ਦਿੱਤਾ ਅਤੇ ਹਰ ਰੋਜ਼ ਉਸੇ ਥਾਂ 'ਤੇ ਉਨ੍ਹਾਂ ਨੂੰ ਦਾਣਾ ਖੁਆਉਣ ਲਈ ਵਾਪਸ ਉੱਥੇ ਚਲਿਆ ਜਾਂਦਾ ਸੀ। ਤਿੰਨਾਂ ਵਿੱਚੋਂ ਇੱਕ - ਜਿਸ ਦਾ ਨਾਮ ਪਾਨੂ ਨੇ ਰਾਜਾ ਰੱਖਿਆ ਸੀ - ਉਸ ਦੇ ਨੇੜੇ ਆਇਆ। ਇਹ ਮੰਨਿਆ ਜਾਂਦਾ ਹੈ ਕਿ ਮੌਜੂਦਾ 204 ਮੋਰ ਰਾਜਾ ਦੇ ਵਿਸਤ੍ਰਿਤ ਪਰਿਵਾਰ ਨਾਲ ਸਬੰਧਿਤ ਹਨ।

ਜਦੋਂ ਪਾਨੂ ਦੀ ਸਿਹਤ ਵਿਗੜਨ ਲੱਗੀ, ਤਾਂ ਉਸ ਨੇ ਆਪਣੇ ਪੋਤੇ ਕਾਨਹੂ ਤੋਂ ਵਾਅਦਾ ਲਿਆ ਕਿ ਉਹ ਉਨ੍ਹਾਂ ਦੀ ਮੌਤ ਤੋਂ ਬਾਅਦ ਮੋਰਾਂ ਦੀ ਦੇਖਭਾਲ ਕਰੇਗਾ। 2017 ਵਿੱਚ ਪਾਨੂ ਦੀ ਮੌਤ ਤੋਂ ਬਾਅਦ, ਕਾਨਹੂ ਨੇ ਅੱਜ ਤੱਕ ਆਪਣਾ ਵਾਅਦਾ ਨਿਭਾਇਆ ਹੈ। 2017 ਵਿੱਚ 54 ਮੋਰ ਤੋਂ ਲੈ ਕੇ 2025 ਵਿੱਚ 204 ਮੋਰ ਤੱਕ, ਕਾਨਹੂ ਆਪਣੇ ਕੰਮ ਵਿੱਚੋਂ ਸਮਾਂ ਕੱਢ ਕੇ ਪੰਛੀਆਂ ਨੂੰ ਦਾਣਾ ਖਵਾਉਂਦਾ ਹੈ। ਕਾਨਹੂ ਦੇ ਨਿਰਸਵਾਰਥ ਕੰਮ ਤੋਂ ਪ੍ਰਭਾਵਿਤ ਹੋ ਕੇ, ਉਸ ਨੂੰ 2019 ਵਿੱਚ ਨਜ਼ਦੀਕੀ ਫਾਇਰ ਰੇਂਜ ਦਫ਼ਤਰ

ਵਿੱਚ ਹੋਮ ਗਾਰਡ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਨੇ ਆਤਮਵਿਸ਼ਵਾਸੀ ਆਵਾਜ਼ ਵਿੱਚ ਕਿਹਾ, 'ਮੇਰੇ ਲਈ ਨੇੜੇ-ਤੇੜੇ ਕੰਮ ਕਰਨਾ ਥੋੜ੍ਹਾ ਆਸਾਨ ਹੋ ਜਾਂਦਾ ਹੈ ਕਿਉਂਕਿ ਮੈਨੂੰ ਮੋਰਾਂ ਨੂੰ ਉਨ੍ਹਾਂ ਦੇ ਨਿਰਧਾਰਿਤ ਸਮੇਂ 'ਤੇ ਖਾਣਾ ਖੁਆਉਣਾ ਪੈਂਦਾ ਹੈ।' ਕਈ ਵਾਰ ਮੇਰਾ ਛੋਟਾ ਭਰਾ ਵੀ ਮਦਦ ਕਰਦਾ ਹੈ। ਬਚਪਨ ਵਿੱਚ ਮੇਰੇ ਦਾਦਾ ਜੀ ਮੈਨੂੰ ਦਾਣਾ ਨੂੰ ਖੁਆਉਣ ਲਈ ਆਪਣੇ ਨਾਲ ਲੈ ਜਾਂਦੇ ਸਨ। ਪਰ ਉਹ ਮੈਨੂੰ ਦਾਣਾ ਪਾਉਣ ਵਾਲੇ ਏਰੀਏ ਤੋਂ 100 ਮੀਟਰ ਦੂਰ ਬੈਠਣ ਲਈ ਕਹਿੰਦੇ ਸਨ। ਮੈਨੂੰ ਉਨ੍ਹਾਂ ਦਾ ਮੋਰਾਂ ਨਾਲ ਗੱਲ ਕਰਨ ਦਾ ਤਰੀਕਾ ਬਹੁਤ ਪਸੰਦ ਆਇਆ ਅਤੇ ਮੋਰ ਵੀ ਉਨ੍ਹਾਂ ਨਾਲ ਖੇਡਣਾ ਬਹੁਤ ਪਸੰਦ ਕਰਦੇ ਸਨ।
ਨਮ ਅੱਖਾਂ ਨਾਲ ਕਾਨਹੂ ਨੇ ਯਾਦ ਕੀਤਾ, ਅਤੇ ਕਿਹਾ ਕਿ ਮੋਰ ਮੇਰੇ ਮੋਢਿਆ ਅਤੇ ਸਿਰ ਤੇ ਬੈਠਦੇ ਸਨ। ਇਹ ਸੱਚਾ ਅਤੇ ਸੁੱਧ ਪਿਆਰ ਸੀ, ਇਸੇ ਕਰਕੇ ਮੈਨੂੰ ਬਚਪਨ ਤੋਂ ਹੀ ਪੰਛੀਆਂ ਨਾਲ ਪਿਆਰ ਹੋ ਗਿਆ ਸੀ। ਆਪਣੀ ਮੌਤ ਦੇ ਸਮੇਂ ਉਨ੍ਹਾਂ ਨੇ ਬਿਸਤਰੇ 'ਤੇ ਮੈਨੂੰ ਮੋਰਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਅਤੇ ਮੈਂ ਹਾਂ ਕਹਿਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ।

ਮੀਂਹ ਹੋਵੇ ਜਾਂ ਧੁੱਪ, ਕਾਨਹੂ ਚੌਲ, ਝੋਨਾ, ਕਣਕ, ਛੋਲੇ, ਬਾਜਰਾ, ਫਲੀਆਂ ਤੋਂ ਬਣਿਆ ਚਾਰਾ ਲਿਆਉਂਦਾ ਹੈ ਅਤੇ ਦਿਨ ਵਿੱਚ ਦੋ ਵਾਰ ਮੋਰਾਂ ਨੂੰ ਖੁਆਉਂਦਾ ਹੈ। ਕਾਨਹੂ ਨੇ ਕਿਹਾ, 'ਚਾਰੇ ਦੀ ਕੀਮਤ ਲਗਭਗ 1200 ਰੁਪਏ ਪ੍ਰਤੀ ਦਿਨ ਹੈ, ਜਿਸ ਨੂੰ ਉਹ ਸੈਲਾਨੀਆਂ ਤੋਂ ਪ੍ਰਾਪਤ ਦਾਨ ਦੁਆਰਾ ਪੂਰਾ ਕਰਦੇ ਹਨ।' ਪਰ ਬਰਸਾਤ ਦੇ ਮੌਸਮ ਦੌਰਾਨ ਇਹ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਸੈਲਾਨੀਆਂ ਦੀ ਆਮਦ ਘੱਟ ਜਾਂਦੀ ਹੈ। ਇਸ ਲਈ ਜਦੋਂ ਮੇਰੇ ਕੋਲ ਚਾਰਾ ਖਰੀਦਣ ਲਈ ਪੈਸੇ ਨਹੀਂ ਹੁੰਦੇ, ਮੈਂ ਆਪਣੀ ਬੱਚਤ ਦੀ ਵਰਤੋਂ ਕਰਦਾ ਹਾਂ।
ਇਸ ਨਜ਼ਾਰਾ ਨੂੰ ਦੇਖਣ ਲਈ ਹਰ ਰੋਜ਼ ਸੈਂਕੜੇ ਲੋਕ 'ਮੋਰ ਘਾਟੀ' ਆਉਂਦੇ ਹਨ। ਕਾਨਹੂ ਹਰ ਰੋਜ਼ ਆਪਣੇ ਖੰਭਾਂ ਵਾਲੇ ਪਰਿਵਾਰ ਨੂੰ ਮਿਲਦਾ ਹੈ ਅਤੇ ਉਨ੍ਹਾਂ ਨੂੰ ਖਾਣਾ ਖੁਆਉਂਦਾ ਹੈ। ਸਥਾਨਕ ਨਿਵਾਸੀਆਂ ਦਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਜਗ੍ਹਾ ਦਾ ਨਾਮ 'ਮੋਰ ਘਾਟੀ' ਰੱਖਿਆ ਜਾਵੇ ਅਤੇ ਕਾਨਹੂ ਅਤੇ ਉਸ ਦੇ ਸਵਰਗਵਾਸੀ ਦਾਦਾ ਜੀ ਨੂੰ ਉਨ੍ਹਾਂ ਦੇ ਦਿਆਲਤਾ ਭਰੇ ਕੰਮ ਲਈ ਸਨਮਾਨਿਤ ਕੀਤਾ ਜਾਵੇ।
"ਮੈਨੂੰ ਸਤਿਕਾਰ ਜਾਂ ਮਾਨਤਾ ਦੀ ਲੋੜ ਨਹੀਂ ਹੈ,"
ਉਸ ਨੇ ਮੁਸਕਰਾਉਂਦੇ ਹੋਏ ਕਿਹਾ, "ਮੈਨੂੰ ਸਤਿਕਾਰ ਜਾਂ ਮਾਨਤਾ ਦੀ ਲੋੜ ਨਹੀਂ ਹੈ," ਮੈਨੂੰ ਸਿਰਫ਼ ਆਪਣੇ ਪਰਿਵਾਰ ਲਈ ਖਾਣਾ ਚਾਹੀਦਾ ਹੈ। ਜੇਕਰ ਇਸ ਦੀ ਪੂਰਤੀ ਹੁੰਦੀ ਰਹੇਗੀ ਤਾਂ ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੈਨੂੰ ਇਨ੍ਹਾਂ ਮੋਰਾਂ ਤੋਂ ਇੰਨਾ ਪਿਆਰ ਮਿਲਦਾ ਹੈ ਕਿ ਇਸ ਤੋਂ ਵੱਡਾ ਕੋਈ ਇਨਾਮ ਨਹੀਂ ਹੋ ਸਕਦਾ।