ਮੋਗਾ: ਇਨ੍ਹੀਂ ਦਿਨੀਂ ਲੋਕਾਂ 'ਚ ਸਬਰ ਦੀ ਘਾਟ ਅਤੇ ਵੱਧ ਰਿਹਾ ਗੁੱਸਾ ਇਨ੍ਹਾਂ ਭਿਆਨਕ ਰੂਪ ਲੈਂਦਾ ਜਾ ਰਿਹਾ ਹੈ ਕਿ ਲੋਕ ਰਿਸ਼ਤਿਆਂ ਦਾ ਕਤਲ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ। ਅਜਿਹਾ ਹੀ ਮਾਮਲਾ
ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਅਧੀਨ ਪਿੰਡ ਪੱਤੋ ਹੀਰਾ ਸਿੰਘ ’ਚ ਸਾਹਮਣੇ ਆਇਆ ਹੈ, ਜਿੱਥੇ ਨਜਾਇਜ਼ ਸਬੰਧਾਂ ਕਾਰਨ ਘਰ ਵਿੱਚ ਰਹਿੰਦੇ ਕਲੇਸ਼ ਦੇ ਚੱਲਦਿਆਂ ਔਰਤ ਨੇ ਆਪਣੇ 35 ਸਾਲਾ ਪਤੀ ਅਮਨਦੀਪ ਸਿੰਘ ਉਰਫ ਕਾਲਾ ਦਾ ਆਪਣੇ ਪ੍ਰੇਮੀ ਗੁਲਜਾਰ ਸਿੰਘ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਾ ਦਿੱਤਾ।
ਗੁਆਂਢੀਆਂ ਨੇ ਦੱਸੀ ਸਾਰੀ ਸੱਚਾਈ
ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਵੀ ਕਾਬੂ ਕਰ ਲਿਆ ਹੈ। ਕਤਲ ਦੀ ਵਾਰਦਾਤ ਸਾਹਮਣੇ ਆਉਣ ਤੋਂ ਪਿੰਡ ’ਚ ਦਹਿਸ਼ਤ ਦਾ ਮਾਹੌਲ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਾਲਾ ਸਿੰਘ ਦੇ ਗੁਆਂਢੀਆਂ ਨੇ ਦੱਸਿਆ ਕਿ 'ਦੋਵੇਂ ਪਤੀ ਪਤਨੀ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਅਤੇ ਦੋ ਸਾਲ ਪਹਿਲਾਂ ਵੀ ਮੁਲਜ਼ਮ ਔਰਤ ਜਸਵਿੰਦਰ ਕੌਰ ਪਤੀ ਨੂੰ ਛੱਡ ਕੇ ਪ੍ਰੇਮੀ ਨਾਲ ਰਹਿਣ ਲੱਗ ਗਈ ਸੀ, ਜਿਸ ਤੋਂ ਬਾਅਦ ਪੁਲਿਸ ਅਤੇ ਪੰਚਾਇਤ ਨੇ ਰਾਜ਼ੀਨਾਮਾ ਕਰਵਾਇਆ ਪਰ ਦੋਵਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ। ਬੀਤੀ ਰਾਤ ਵੀ ਦੋਵਾਂਂ ਵਿਚਾਲੇ ਝਗੜਾ ਹੋਇਆ ਅਤੇ ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਦਾ ਪਤਾ ਉਦੋਂ ਲੱਗਾ ਜਦੋਂ ਗੁਆਂਢੀਆਂ ਨੂੰ ਬਦਬੂ ਆਉਣ ਲੱਗੀ ਇਸ ਤੋਂ ਬਾਅਦ ਜਦੋਂ ਕਮਰੇ ਦਾ ਤਾਲਾ ਤੋੜ ਕੇ ਅੰਦਰ ਦੇਖਿਆ ਤਾਂ ਅਮਨਦੀਪ ਦੀ ਸੜੀ ਹੋਈ ਲਾਸ਼ ਬਿਸਤਰੇ ਦੇ ਪਿੱਛੇ ਬੰਨ੍ਹੀ ਹੋਈ ਮਿਲੀ।'
ਪਹਿਲਾਂ ਵੀ ਕੀਤੀ ਸੀ ਮਾਰਨ ਦੀ ਕੋਸ਼ਿਸ਼
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ 'ਕਤਲ ਦੀ ਵਾਰਦਾਤ ਕਈ ਦਿਨ ਪੁਰਾਣੀ ਹੈ ਜਿਸ ਸਬੰਧੀ ਮ੍ਰਿਤਕ ਅਮਨਦੀਪ ਦੇ ਭਰਾ ਹਰਦੀਪ ਦੇ ਬਿਆਨ ‘ਤੇ ਪੁਲਿਸ ਨੇ ਉਸਦੀ ਪਤਨੀ ਜਸਵਿੰਦਰ ਕੌਰ ਅਤੇ ਉਸਦੇ ਪ੍ਰੇਮੀ ਗੁਲਜ਼ਾਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਤੇ ਪੁਲਿਸ ਨੇ ਅੱਜ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਸਵਿੰਦਰ ਕੌਰ ਦੇ ਗੁਲਜ਼ਾਰ ਸਿੰਘ ਨਾਲ ਤਿੰਨ ਸਾਲ ਪਹਿਲਾਂ ਤੋਂ ਸਬੰਧ ਸੀ ਤੇ ਉਸ ਨੇ ਗੁਲਜ਼ਾਰ ਨੂੰ ਕਈ ਵਾਰ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਵੀ ਕਿਹਾ ਸੀ। ਪਤਨੀ ਜਸਵਿੰਦਰ ਕੌਰ ਲਗਭਗ ਇੱਕ ਸਾਲ ਤੋਂ ਆਪਣੇ ਪਤੀ ਨੂੰ ਮਾਰਨ ਦੀ ਯੋਜਨਾ ਬਣਾ ਰਹੀ ਸੀ ਤੇ 3 ਤਰੀਕ ਦੀ ਸ਼ਾਮ ਨੂੰ ਉਹ ਘਰ ਆਈ ਅਤੇ ਕਿਸੇ ਗੱਲ ਨੂੰ ਲੈ ਕੇ ਆਪਣੇ ਪਤੀ ਨਾਲ ਝਗੜਾ ਕੀਤਾ। ਫਿਰ ਉਸ ਨੇ ਆਪਣੇ ਪ੍ਰੇਮੀ ਨੂੰ ਬੁਲਾਇਆ ਅਤੇ ਉਸਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ।
ਇਸ ਤੋਂ ਬਾਅਦ ਉਸ ਨੇ ਉਸਦੇ ਹੱਥ-ਪੈਰ ਬੰਨ੍ਹ ਕੇ ਘਰ ਵਿੱਚ ਦਫ਼ਨਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਕੋਸ਼ਿਸ਼ ਅਸਫਲ ਰਹੀ ਤਾਂ ਉਹ ਉਸਨੂੰ ਬਿਸਤਰੇ ਦੇ ਪਿੱਛੇ ਲੁਕਾ ਕੇ ਭੱਜ ਗਏ। ਇਸ ਦੌਰਾਨ ਪੁਲਿਸ ਨੂੰ ਉਨ੍ਹਾਂ ਦੇ ਸ਼ਹਿਰ 'ਚੋਂ ਫਰਾਰ ਹੋਣ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਨਾਕਾ ਲਾ ਕੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।