ਗੁਹਾਟੀ: 11 ਮਈ ਜਿਥੇ ਦੁਨੀਆ ਭਰ 'ਚ ਮਾਂ ਨੂੰ ਸਮਰਪਿਤ ਦਿਨ ਵੱਜੋਂ ਮਣਾਇਆ ਗਿਆ ਉਥੇ ਹੀ ਅਸਾਮ 'ਚੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਜਿਥੇ ਗੁਹਾਟੀ ਵਿੱਚ ਇੱਕ 10 ਸਾਲਾ ਮਾਸੂਮ ਨੂੰ ਉਸ ਦੀ ਕਲਯੁਗੀ ਮਾਂ ਦੇ ਪ੍ਰੇਮੀ ਦੁਆਰਾ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ। ਮਾਮਲੇ ਦਾ ਪਤਾ ਲੱਗਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਬੱਚੇ ਦੀ ਲਾਸ਼ ਨੂੰ ਸਥਾਨ ਜੰਗਲ ਏਰੀਆ ਤੋਂ ਬਰਾਮਦ ਕੀਤਾ, ਜਿਥੇ ਬੱਚੇ ਦੀ ਲਾਸ਼ ਨੂੰ ਸੂਟਕੇਸ ਵਿੱਚ ਭਰ ਕੇ ਝਾੜੀਆਂ ਦੇ ਨੇੜੇ ਸੁੱਟਿਆ ਗਿਆ ਸੀ। ਮ੍ਰਿਤਕ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਮਾਮਲੇ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਹੈ।

ਮਾਂ ਨੇ ਰਚੀ ਗੁਮਸ਼ੁਦਗੀ ਦੀ ਕਹਾਣੀ
ਡੀਸੀਪੀ (ਗੁਹਾਟੀ ਪੂਰਬ) ਮ੍ਰਿਣਾਲ ਡੇਕਾ ਨੇ ਕਿਹਾ ਕਿ 'ਸ਼ਨੀਵਾਰ ਨੂੰ ਇੱਕ ਔਰਤ ਨੇ ਆਪਣੇ 10 ਸਾਲਾ ਪੁੱਤਰ ਬਾਰੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਔਰਤ ਨੇ ਕਿਹਾ ਕਿ ਉਸਦਾ ਪੁੱਤਰ ਟਿਊਸ਼ਨ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਪੁਲਿਸ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕੀਤੀ ਅਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ, ਪੁਲਿਸ ਨੂੰ ਪਤਾ ਲੱਗਾ ਕਿ ਔਰਤ ਆਪਣੇ ਪਤੀ ਤੋਂ ਵੱਖ ਸੀ ਅਤੇ ਜੀਤੂਮੋਨੀ ਹਾਲੋਈ ਨਾਮ ਦੇ ਇੱਕ ਵਿਅਕਤੀ ਨਾਲ ਸਬੰਧਾਂ ਵਿੱਚ ਸੀ। ਪੁਲਿਸ ਨੂੰ ਸ਼ੱਕ ਹੋਇਆ ਅਤੇ ਜੀਤੂਮੋਨੀ ਹਾਲੋਈ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ, ਜੀਤੂਮੋਨੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਕਿਹਾ ਕਿ ਪ੍ਰੇਮੀ ਨਾਲ ਮਿਲ ਕੇ ਉਸਨੇ ਆਪਣੇ ਬੱਚੇ ਨੂੰ ਮਾਰਿਆ ਸੀ ਅਤੇ ਲਾਸ਼ ਨੂੰ ਸੂਟਕੇਸ ਵਿੱਚ ਭਰ ਕੇ ਗੁਹਾਟੀ ਵਿੱਚ ਇੱਕ ਝਾੜੀ ਦੇ ਨੇੜੇ ਸੁੱਟ ਦਿੱਤਾ ਸੀ।
ਦੋਸ਼ੀ ਗ੍ਰਿਫ਼ਤਾਰ, ਮਾਂ ਹਿਰਾਸਤ ਵਿੱਚ
ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਜੀਤੂਮੋਨੀ ਹਾਲੋਈ ਨੂੰ ਗ੍ਰਿਫ਼ਤਾਰ ਕਰ ਲਿਆ। ਔਰਤ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਤਲ ਵਿੱਚ ਉਸਦੀ ਸੰਭਾਵਿਤ ਭੂਮਿਕਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਔਰਤ ਅਪਰਾਧ ਵਿੱਚ ਸ਼ਾਮਲ ਸੀ ਜਾਂ ਨਹੀਂ।