ETV Bharat / entertainment

Singer Nirmal Sidhu in Canada: ਲਾਈਵ ਕੰਨਸਰਟ ਅਤੇ ਸ਼ੂਟਿੰਗ ਲਈ ਕੈਨੇਡਾ ਪੁੱਜੇ ਲੋਕ ਗਾਇਕ ਨਿਰਮਲ ਸਿੱਧੂ, ਬ੍ਰਿਟਿਸ਼ ਅਸੈਂਬਲੀ ਅਲਬਰਟਾ ਨੇ ਕੀਤਾ ਵਿਸ਼ੇਸ਼ ਸਨਮਾਨ

author img

By ETV Bharat Punjabi Team

Published : Aug 26, 2023, 4:17 PM IST

Nirmal Sidhu Arrived in Canada: ਲੋਕ ਗਾਇਕ ਨਿਰਮਲ ਸਿੱਧੂ ਇੰਨੀਂ ਦਿਨੀਂ ਕੈਨੇਡਾ ਸ਼ੂਟਿੰਗ ਅਤੇ ਲਾਈਵ ਸ਼ੋਅ ਲਈ ਗਏ ਹੋਏ ਹਨ, ਉਥੇ ਉਹਨਾਂ ਨੂੰ ਬ੍ਰਿਟਿਸ਼ ਅਸੈਂਬਲੀ ਅਲਬਰਟਾ ਨੇ ਵਿਸ਼ੇਸ ਤੌਰ ਉਤੇ ਸਨਮਾਨ ਕੀਤਾ ਹੈ।

Nirmal Sidhu
Nirmal Sidhu

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਵਿਲੱਖਣ ਅਤੇ ਸਫ਼ਲ ਪਹਿਚਾਣ ਰੱਖਦੇ ਲੋਕ-ਗਾਇਕ ਅਤੇ ਸੰਗੀਤਕਾਰ ਨਿਰਮਲ ਸਿੱਧੂ ਇੰਨ੍ਹੀਂ ਦਿਨ੍ਹੀਂ ਆਪਣੇ ਵਿਸ਼ੇਸ਼ ਦੌਰੇ ਅਧੀਨ ਕੈਨੇਡਾ ਵਿਖੇ ਪੁੱਜੇ ਹੋਏ ਹਨ, ਜਿਸ ਦੌਰਾਨ ਉਹ ਕਈ ਲਾਈਵ ਸੰਗੀਤ ਕੰਨਸਰਟ ਦਾ ਹਿੱਸਾ ਬਣਨ ਦੇ ਨਾਲ-ਨਾਲ ਆਪਣੇ ਨਵੇਂ ਗਾਣੇ ਸੰਬੰਧਤ ਮਿਊਜ਼ਿਕ ਵੀਡੀਓਜ਼ ਦਾ ਫਿਲਮਾਂਕਣ ਵੀ ਉਥੋਂ ਦੀਆਂ ਵੱਖ-ਵੱਖ ਲੋਕੇਸ਼ਨਜ਼ 'ਤੇ ਪੂਰਾ ਕਰਨਗੇ।

ਉਕਤ ਦੌਰੇ ਅਧੀਨ ਹੀ ਪੰਜਾਬੀ ਮੂਲ ਹਸਤੀਆਂ ਜਸਵੀਰ ਦਿਓਲ, ਪਰਮੀਤ ਸਿੰਘ ਬੋਪਾਰਾਏ ਆਦਿ ਦੀ ਅਗਵਾਈ ਹੇਠ ਉਨਾਂ ਦਾ ਅਸੈਂਬਲੀ ਆਫ਼ ਅਲਬਰਟਾ ਵਿਖੇ ਉਚੇਚੇ ਤੌਰ 'ਤੇ ਸਨਮਾਨ ਵੀ ਕੀਤਾ ਗਿਆ, ਜਿਸ ਦੌਰਾਨ ਅਸੈਂਬਲੀ ਨੁਮਾਇੰਦਿਆਂ ਪ੍ਰਤੀ ਧੰਨਵਾਦ ਕਰਦਿਆਂ ਗਾਇਕ ਸਿੱਧੂ ਨੇ ਕਿਹਾ ਕਿ ਫ਼ਰੀਦਕੋਟ ਦੇ ਇਕ ਨਿੱਕੇ ਜਿਹੇ ਪਿੰਡ ਟਹਿਣੇ ਤੋਂ ਚੱਲ ਕੇ ਦੁਨੀਆਂ ਦੀ ਇਸ ਉੱਚਕੋਟੀ ਮੁਕਾਮ ਰੱਖਦੀ ਅਸੈਂਬਲੀ ਦਾ ਇਕ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਿੱਸਾ ਬਣਨਾ, ਮੇਰੇ ਜੀਵਨ ਦੇ ਅਨਮੋਲ ਪਲ਼ ਹਨ, ਜਿਸ ਲਈ ਦਿੱਤੇ ਇਸ ਮਾਣ ਲਈ ਉਹ ਜਿੰਨ੍ਹਾਂ ਸ਼ੁਕਰੀਆਂ ਅਦਾ ਕਰਨ ਉਨਾਂ ਘੱਟ ਹੀ ਹੈ।

ਗਾਇਕ ਨਿਰਮਲ ਸਿੱਧੂ ਬ੍ਰਿਟਿਸ਼ ਅਸੈਂਬਲੀ ਅਲਬਰਟਾ ਤੋਂ ਸਨਮਾਨ ਲੈਂਦੇ ਹੋਏ
ਗਾਇਕ ਨਿਰਮਲ ਸਿੱਧੂ ਬ੍ਰਿਟਿਸ਼ ਅਸੈਂਬਲੀ ਅਲਬਰਟਾ ਤੋਂ ਸਨਮਾਨ ਲੈਂਦੇ ਹੋਏ

ਇਸ ਸਮੇਂ ਦੌਰਾਨ ਆਪਣੇ ਇਸ ਟੂਰ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਨੇ ਦੱਸਿਆ ਕਿ ਕਾਫ਼ੀ ਲੰਮੇ ਅਰਸੇ ਬਾਅਦ ਉਹ ਕੈਨੇਡਾ ਦਾ ਇਹ ਖਾਸ ਦੌਰਾ ਕਰ ਰਹੇ ਹਨ, ਜਿਸ ਦੌਰਾਨ ਅਲਬਰਟਾ ਸਮੇਤ ਇੱਥੋਂ ਦੇ ਕਈ ਹਿੱਸਿਆਂ ਵਿਚ ਉਹ ਆਪਣੇ ਲਾਈਵ ਕੰਨਸਰਟ ਦੁਆਰਾ ਸਰੋਤਿਆਂ ਸਨਮੁੱਖ ਰਹੇ ਹਨ ਅਤੇ ਖੁਸ਼ੀ ਭਰੀ ਗੱਲ ਹੈ ਕਿ ਹਰ ਜਗ੍ਹਾਂ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਹੁੰਗਾਰਾਂ ਅਤੇ ਪਿਆਰ, ਸਨੇਹ ਉਨਾਂ ਨੂੰ ਮਿਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਟੂਰ ਦੇ ਦਰਮਿਆਨ ਹੀ ਉਨਾਂ ਵੱਲੋਂ ਆਪਣੇ ਨਵੇਂ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦਾ ਵੀ ਫ਼ਿਲਮਾਂਕਣ ਅਲਬਰਟਾ, ਕੈਲਗਰੀ ਆਦਿ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਪੂਰਾ ਕੀਤਾ ਜਾਵੇਗਾ। ਇੰਗਲੈਂਡ ਦੇ ਉੱਚਕੋਟੀ ਭੰਗੜਾ ਗਾਇਕ ਕਿੰਗ ਵਜੋਂ ਵੀ ਮਕਬੂਲੀਅਤ ਦੇ ਨਵੇਂ ਆਯਾਮ ਕਰ ਚੁੱਕੇ ਗਾਇਕ ਨਿਰਮਲ ਸਿੱਧੂ ਦੇ ਗਾਇਕੀ ਅਤੇ ਸੰਗੀਤਕਾਰੀ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅੰਦਾਜ਼ਾਂ ਵੀ ਭਲੀਭਾਂਤ ਹੋ ਜਾਂਦਾ ਹੈ ਕਿ ਉਨਾਂ ਹਮੇਸ਼ਾ ਅਲਹਦਾ ਅਤੇ ਪੰਜਾਬੀਅਤ ਤਰਜ਼ਮਾਨੀ ਕਰਦੇ ਗੀਤਾਂ ਭਰਪੂਰ ਗਾਇਕੀ ਨੂੰ ਹੀ ਤਰਜ਼ੀਹ ਦਿੱਤੀ ਹੈ, ਜਿਸ ਵਿਚ ਪੰਜਾਬੀ ਰਸਮਾਂ ਰਿਵਾਜ਼ਾਂ ਅਤੇ ਕਦਰਾਂ-ਕੀਮਤਾਂ ਦਾ ਇਜ਼ਹਾਰ ਉਨਾਂ ਦੇ ਕਈ ਗੀਤ ਕਰਵਾਉਣ ਵਿਚ ਕਾਮਯਾਬ ਰਹੇ ਹਨ।

ਗਾਇਕ ਨਿਰਮਲ ਸਿੱਧੂ
ਗਾਇਕ ਨਿਰਮਲ ਸਿੱਧੂ

ਹਾਲ ਹੀ ਵਿਚ ਆਪਣਾ ਨਵਾਂ ਅਤੇ ਅਰਥ-ਭਰਪੂਰ ਗਾਣਾ ‘ਵਿੱਦਿਆ ਦਾ ਦਾਨ’ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਏ ਇਸ ਬਾਕਮਾਲ ਗਾਇਕ ਦੀ ਵਿੱਦਿਆ ਦਾ ਪਸਾਰਾ ਕਰਨ ਦੀ ਕੀਤੀ ਗਈ ਇਸ ਕੋਸ਼ਿਸ਼ ਨੂੰ ਕਾਫ਼ੀ ਭਰਵਾਂ ਹੁੰਗਾਰਾਂ ਮਿਲਿਆ ਹੈ, ਜਿਸ ਸੰਬੰਧੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗਾਇਕ ਸਿੱਧੂ ਨੇ ਕਿਹਾ ਕਿ ਉਨਾਂ ਵੱਲੋਂ ਹੁਣ ਤੱਕ ਗਾਏ ਹਰ ਗੀਤ ਵਿਚ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਉਭਾਰਨ ਅਤੇ ਕੋਈ ਨਾ ਕੋਈ ਅਜਿਹਾ ਸੰਦੇਸ਼ ਦੇਣ ਦਾ ਜ਼ਰੂਰ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਵਿਰਸੇ ਤੋਂ ਦੂਰ ਹੁੰਦੀ ਜਾਂਦੀ ਨੌਜਵਾਨ ਪੀੜ੍ਹੀ ਨੂੰ ਮੁੜ ਆਪਣੀਆਂ ਜੜ੍ਹਾਂ ਨਾਲ ਜੋੜਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.